ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਵਾਲੇ ਗਿਰੋਹ ਦਾ ਪਰਦਾਫਾਸ਼ 

ਬਰਨਾਲਾ, 21 ਜੁਲਾਈ  : ਸਿਹਤ ਵਿਭਾਗ ਬਰਨਾਲਾ ਵੱਲੋਂ ਗ਼ੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਫਾਸ਼ ਕੀਤਾ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਖੁਫੀਆ ਪੱਕੀ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਜਿਸ ਕੋਲ ਕੋਈ ਮੈਡੀਕਲ ਡਿਗਰੀ ਨਹੀਂ ਹੈ ਉਹ ਬਹੁਤ ਲੰਮੇ ਸਮੇਂ ਤੋਂ ਮਹਿਜ ਤੁੱਕੇ ਨਾਲ ਲੜਕਾ ਲੜਕਾ ਦੱਸਣ ਸਬੰਧੀ ਟੈਸਟ ਕਰਦਾ ਹੈ ।  ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵਿਅਕਤੀ ਦੀ ਆਲੇ ਦੁਆਲੇ ਰਾਜਾਂ ਵਿੱਚ ਵੀ ਭਾਲ ਸੀ ਇਸ ਲਈ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਅਫਸਰ ਪੰਜਾਬ ਜੀ ਦੇ ਸਖ਼ਤ ਦਿਸ਼ਾ ਨਿਰਦੇਸ਼ ਅਧੀਨ ਇਸ ਖੁਫੀਆ  ਜਾਣਕਾਰੀ ‘ਤੇ ਤੁਰੰਤ ਐਕਸ਼ਨ ਲੈਂਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਰਵਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਮੈਡਮ ਪੂਨਮਦੀਪ ਕੌਰ ਡਿਪਟੀ ਮੈਡਿਕਲ ਕਮਿਸ਼ਨਰ ਬਰਨਾਲਾ ਜੀ, ਡਾ ਪਰਵਿੰਦਰਪਾਲ ਕੌਰ ਸਿਵਲ ਸਰਜਨ ਸੰਗਰੂਰ ਅਤੇ ਪੁਲ਼ਿਸ਼ ਪਾਰਟੀ  ਦੇ ਵਿਸ਼ੇਸ਼ ਸਹਿਯੋਗ ਸਦਕਾ ਜੁਆਇੰਟ ਰੇਡ ਕੀਤੀ ਗਈ ਅਤੇ ਸੁਨਾਮ ਦੇ ਇੱਕ ਘਰ ਵਿਖੇ ਦੋਸ਼ੀ ਨੂੰ ਰੰਗੇ ਹੱਥੀਂ ਟੈਸਟ ਕਰਦੇ ਹੋਏ ਫੜਿਆ ਗਿਆ ।  ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਇੱਕ ਨਕਲੀ ਗਰਭਵਤੀ ਮਰੀਜ਼ ਨੂੰ ਟੈਸਟ ਕਰਵਾਉਣ ਲਈ ਇਸ ਬੰਦੇ ਕੋਲ ਭੇਜਿਆ ਗਿਆ ਇਸ ਤੋਂ ਪਹਿਲਾ ਇਸ ਦੋਸ਼ੀ ਵਿਅਕਤੀ ਨੇ ਇਹ ਟੈਸਟ ਕਰਨ ਬਦਲੇ ਪੈਂਤੀ ਹਜ਼ਾਰ ਰੁਪਏ ਨਗਦ ਲਏ ਸਨ ਅਤੇ ਮਰੀਜ ਨੂੰ ਸੁਨਾਮ ਵਿਖੇ ਇੱਕ ਔਰਤ ਦੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ । ਇਸ ਦੌਰਾਨ ਜਦੋਂ ਹੀ ਵਿਅਕਤੀ ਵੱਲੋਂ ਘਰ ਵਿੱਚ ਟੈਸਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੋਂ ਹੀ ਪਹੁੰਚਕੇ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਔਰਤ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਗੈਰਕਾਨੰਨੀ ਢੰਗ ਨਾਲ ਆਪਣੇ ਘਰ ਵਿੱਚ ਗਰਭਪਾਤ ਕਰਦੀ  ਸੀ । ਉ੍ਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਮੁਕੱਦਮਾਂ ਦਰਜ ਕਰਵਾਇਆ ਗਿਆ ਹੈ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਬਰਨਾਲਾ , ਡਾ ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ  ਬਰਨਾਲਾ, ਡਾ ਆਂਚਲ ਕਸ਼ਿਅਪ ਔਰਤ ਰੋਗਾਂ ਦੇ ਮਾਹਿਰ , ਡਾ ਸ਼ੀਖਾ ਰੇਡਿਓਲੋਜਿਸਟ ਸਿਵਲ ਹਸਪਤਾਲ ਬਰਨਾਲਾ , ਗੁਰਜੀਤ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ , ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ , ਡਾ ਇੰਦਰਜੀਤ ਸਿੰਗਲਾ ਜਿਲਾ ਪਰਿਵਾਰ ਭਲਾਈ ਅਫਸਰ ਸੰਗਰੂਰ , ਡਾ ਅਮਨਪ੍ਰੀਤ ਕੌਰ ਸਿਵਲ ਹਸਪਤਾਲ ਸੰਗਰੂਰ , ਹਰਪ੍ਰੀਤ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ ਹੋਰ ਸਿਹਤ ਮੁਲਾਜ਼ਮ ਅਤੇ ਪੁਲਿਸ ਪਾਰਟੀ ਮੌਜੂਦ ਸੀ ।