ਕਿਸਾਨ ਪਰਾਲੀ ਦੀ ਸੰਭਾਲ ਲਈ ਮਲਚਿੰਗ ਅਤੇ ਸਰਫੇਸ ਸੀਡਰ ਦੀ ਤਕਨੀਕ ਨੂੰ ਦੇਣ ਤਰਜੀਹ : ਡਿਪਟੀ ਕਮਿਸ਼ਨਰ

ਫ਼ਰੀਦਕੋਟ 11 ਸਤੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੇ ਪ੍ਰਬੰਧਨ ਲਈ ਅਗਾਂਹਵਧੂ ਤਿਆਰੀਆਂ ਸਬੰਧੀ ਖੇਤੀਬਾੜੀ ਵਿਭਾਗ ਦੀ ਅਸ਼ੋਕ ਚੱਕਰ ਹਾਲ ਵਿਖੇ ਮੀਟਿੰਗ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਆਉਣ ਵਾਲੇ ਫਸਲੀ ਸੀਜ਼ਨ ਦੌਰਾਨ ਮਲਚਿੰਗ ਦੀ ਤਕਨੀਕ ਨਾਲ ਝੋਨੇ ਦੀ ਪਰਾਲੀ ਨੂੰ ਜਮੀਨ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਨੂੰ ਤਰਜੀਹ ਦੇਣ ਨੂੰ ਕਿਹਾ। ਉਹਨਾਂ ਕਿਹਾ ਕਿ ਬੇਲਰ ਨਾਲ ਪਰਾਲੀ ਖੇਤ ਵਿੱਚੋਂ ਬਾਹਰ ਕੱਢ ਕੇ ਬਹੁਤ ਹੀ ਜ਼ਰੂਰੀ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਫ਼ਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨੇ ਵੀ ਮਲਚਿੰਗ ਕਰਕੇ ਕਣਕ ਬੀਜਣ ਵਾਲੀਆਂ ਮਸ਼ੀਨਾਂ ਜਿਵੇਂ ਹੈਪੀ ਸੀਡਰ, ਜੀਰੋ ਡਰਿੱਲ, ਸਰਫੇਸ ਸੀਡਰ ਆਦਿ ਦੇ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਦਾ ਪਰਾਲੀ ਦੀ ਸਾਂਭ-ਸੰਭਾਲ ਵਿੱਚ ਅਹਿਮ ਰੋਲ ਹੈ।