ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਛੱਪੜਾਂ ਵਿਚ ਛੱਡੀਆਂ ਜਾ ਰਹੀਆਂ ਹਨ ਗੰਬੂਸੀਆਂ ਮੱਛੀਆਂ

ਗੁਰਦਾਸਪੁਰ, 25 ਅਗਸਤ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਵੱਲੋਂ ਅੱਜ ਪ੍ਰਾਇਮਰੀ ਹੈਲਥ ਸੈਂਟਰ ਰਣਜੀਤ ਬਾਗ ਸਥਿਤ ਗੰਬੂਸੀਆਂ ਮੱਛੀਆਂ ਦੀ ਜ਼ਿਲ੍ਹਾ ਹੈਚਰੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਵੈਕਟਰ-ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆ ਆਦਿ ਨੂੰ ਫੈਲਣ ਤੋਂ ਰੋਕਣ ਅਤੇ ਮੱਛਰ ਦੇ ਲਾਰਵੇ ਨੂੰ ਖਾਣ ਵਾਲੀ ਗੰਬੂਸੀਆ ਮੱਛੀਆਂ ਨੂੰ ਇੱਥੇ ਪਾਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਤਹਿਤ 3 ਦਿਨਾਂ `ਚ 92 ਛੱਪੜਾਂ ਵਿਚ ਇਹ ਗੰਬੂਸੀਆਂ ਮੱਛੀਆਂ ਛੱਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੱਛੀ ਨੂੰ ਟੋਏ, ਛੱਪੜ ਜਾਂ ਆਸ-ਪਾਸ ਦੇ ਕਿਸੇ ਵੀ ਜਲਘਰ ਵਿੱਚ ਛੱਡਿਆ ਜਾ ਸਕਦਾ ਹੈ, ਜਿੱਥੇ ਮੱਛਰ ਦੇ ਲਾਰਵੇ ਹੁੰਦੇ ਹਨ। ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਅੱਗੇ ਦੱਸਿਆ ਕਿ ਮੱਛੀਆਂ ਦੀ ਮਦਦ ਨਾਲ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨਾ ਨਾ ਸਿਰਫ਼ ਵਾਤਾਵਰਣ ਲਈ ਅਨੁਕੂਲ ਹੈ ਸਗੋਂ ਇੱਕ ਪ੍ਰਭਾਵਸ਼ਾਲੀ ਉਪਾਅ ਵੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਸਮੂਹ ਦੇ ਪਿੰਡ ਵਾਸੀ ਕੰਮਕਾਜ ਵਾਲੇ ਦਿਨ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪੀ.ਐੱਚ.ਸੀ. ਰਣਜੀਤ ਬਾਗ਼ ਵਿਖੇ ਹੈਲਥ ਇੰਸਪੈਕਟਰ ਗੁਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ਨੰ 87258-00272 ਤੇ ਤਾਲ ਮੇਲ ਕਰਕੇ ਇਹ ਮੱਛੀ ਆਪਣੇ ਛੱਪੜਾਂ ਵਿਚ ਪਾਉਣ ਲਈ ਮੁਫ਼ਤ ਲਿਜਾ ਸਕਦੇ ਹਨ।  ਇਸ ਮੌਕੇ ਏਐੱਮ.ਓ. ਸ਼ਿਵ ਚਰਨ, ਬਲਾਕ ਐਜੂਕੇਟਰ ਸੰਦੀਪ ਕੌਰ, ਗੁਰਜੀਤ ਸਿੰਘ ਐੱਚ.ਆਈ. ਅਤੇ ਹੈਲਥ ਵਰਕਰ ਹਾਜ਼ਰ ਸਨ।