ਗਲਾਡਾ ਵਲੋਂ ਆਪਣੀਆਂ ਰਿਹਾਇਸ਼ੀ ਕਲੋਨੀਆਂ 'ਚ ਸਵੱਛਤਾ ਪਖਵਾੜਾ ਮਨਾਇਆ ਗਿਆ

  • ਲੋਕਾਂ 'ਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਪਹਿਲਕਦਮੀ

ਲੁਧਿਆਣਾ, 03 ਅਕਤੂਬਰ : ਸਵੱਛ ਭਾਰਤ ਮਿਸ਼ਨ ਤਹਿਤ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਰਿਹਾਇਸ਼ੀ ਕਲੋਨੀਆਂ ਵਿਖੇ 15 ਸਤੰਬਰ ਤੋਂ 1 ਅਕਤੂਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਸ਼ਾਸਕ ਗਲਾਡਾ ਸਾਗਰ ਸ੍ਰੀ ਸੇਤੀਆ ਨੇ ਦੱਸਿਆ ਕਿ ਅਥਾਰਟੀ ਵੱਲੋਂ ਸੈਕਟਰ-32ਏ, 33, ਸੰਜੇ ਗਾਂਧੀ ਕਲੋਨੀ, ਸੈਕਟਰ 40, ਅਤੇ ਅਰਬਨ ਅਸਟੇਟ ਫੇਜ਼-3, ਦੁੱਗਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ 15 ਦਿਨਾਂ ਲੰਬੀ ਮੁਹਿੰਮ ਦੌਰਾਨ ਸਫਾਈ ਦੇ ਹੋਰ ਕੰਮਾਂ ਤੋਂ ਇਲਾਵਾ ਕੂੜਾ ਅਤੇ ਮਲਬਾ ਚੁੱਕਣ ਨੂੰ ਵੀ ਯਕੀਨੀ ਬਣਾਇਆ ਗਿਆ ਅਤੇ ਸੈਕਟਰ-40 ਸਥਿਤ ਐਮ.ਆਈ.ਜੀ. ਫਲੈਟਾਂ ਦੇ ਵਸਨੀਕਾਂ ਨੂੰ ਕੂੜੇਦਾਨ ਵੀ ਵੰਡੇ ਗਏ ਤਾਂ ਜੋ ਕੂੜੇ ਦੀ ਮਹੱਤਤਾ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਮੁੱਖ ਪ੍ਰਸ਼ਾਸ਼ਕ ਸ੍ਰੀ ਸੇਤੀਆ ਵਲੋਂ ਅਧਿਕਾਰੀਆਂ ਨੂੰ ਅਜਿਹੀਆਂ ਸਫਾਈ ਮੁਹਿੰਮਾਂ ਨੂੰ ਸਮੇਂ-ਸਮੇਂ 'ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਵਿੱਚ ਸਫਾਈ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਲਾਡਾ ਨਾਲ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰ ਬਣਨ ਤਾਂ ਜੋ ਸਾਰਿਆਂ ਲਈ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਸਿਰਜਿਆ ਜਾ ਸਕੇ। ਸ੍ਰੀ ਸੇਤੀਆ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਅਥਾਰਟੀ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਜਾਰੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਸਫ਼ਾਈ ਨੂੰ ਤਵੱਜੋ ਦੇਣ।