ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਹੋਈ ਫੁੱਲ ਡਰੈਸ ਰਿਹਰਸਲ

  • ਡਿਪਟੀ ਕਮਿਸ਼ਨਰ ਨੇ ਪਰੇਡ ਦਾ ਕੀਤਾ ਨਰੀਖਣ ਤੇ ਸਲਾਮੀ ਲਈ
  • ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ. ਸੀ. ਸੀ. ਕੈਡਿਟਾਂ ਅਤੇ ਆਰਮੀ ਬੈਂਡ ਵੱਲੋਂ ਕੀਤਾ ਗਿਆ ਸ਼ਾਨਦਾਰ ਮਾਰਚ ਪਾਸਟ
  • 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਅਦਾ ਕਰਨਗੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ

ਫਾਜ਼ਿਲਕਾ 24 ਜਨਵਰੀ : ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐੱਸ. ਪੀ ਗੁਰਮੀਤ ਸਿੰਘ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਡਿਪਟੀ ਕਮਿਸ਼ਨਰ ਅਤੇ ਐੱਸ.ਪੀ ਵੱਲੋਂ ਪਰੇਡ ਦਾ ਮੁਆਇਨਾ ਕਰਨ ਉਪਰੰਤ ਪਰੇਡ ਕਮਾਂਡਰ ਡੀ. ਐੱਸ. ਪੀ ਸ੍ਰੀ. ਅਤੁਲ ਸੋਨੀ ਦੀ ਕਮਾਂਡ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ. ਸੀ. ਸੀ. ਕੈਡਿਟਾਂ ਅਤੇ ਆਰਮੀ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਕੱਢੀਆਂ ਗਈਆਂ। ਇਸ ਤੋਂ ਬਾਅਦ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ। ਫੁੱਲ ਡਰੈੱਸ ਰਿਹਰਸਲ ਤੋਂ ਬਾਅਦ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ 26 ਜਨਵਰੀ 2024 ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ  ਦੌਰਾਨ ਸਮੂਹ ਵਿਭਾਗ ਆਪੋ-ਆਪਣੇ ਵਿਭਾਗ ਨਾਲ ਸਬੰਧਤ ਡਿਊਟੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ-ਸਫਾਈ, ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ, ਪੀਣ ਵਾਲੇ ਪਾਣੀ, ਆਰਜੀ ਪਖਾਨੇ, ਸਟੇਡੀਅਮ ਵਿਖੇ ਡਸਟਬਿਨ ਆਦਿ ਹਰ ਤਰ੍ਹਾਂ ਨਾਲ ਪ੍ਰਬੰਧ ਪੁਖਤਾ ਹੋਣੇ ਚਾਹੀਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਹੋਰ ਵਧਾਉਣ।  ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਸਤਿੰਦਰਜੀਤ ਕੌਰ ਵੱਲੋਂ ਅਦਾ ਕੀਤੀ ਗਈ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ, ਐਸ.ਡੀ.ਐਮ. ਸ੍ਰੀ ਵਿਪਨ ਭੰਡਾਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਕੁਮਾਰ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਸਿੰਘ, ਸਤਿੰਦਰ ਬੱਤਰਾ ਤੋਂ ਇਲਾਵਾ ਸਿੱਖਿਆ ਵਿਭਾਗ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।