ਕਿਸਾਨਾਂ ਦੀਆਂ ਮੋਟਰਾਂ 'ਤੇ ਲੱਗਣ ਲੱਗੇ ਫਲਦਾਰ ਬੂਟੇ ਵਧੀਆ ਉਪਰਾਲਾ 

ਮੁੱਲਾਂਪੁਰ ਦਾਖਾ, 29 ਅਗਸਤ (ਸਤਵਿੰਦਰ ਸਿੰਘ ਗਿੱਲ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਮੋਟਰਾਂ 'ਤੇ ਫਲਦਾਰ ਬੂਟੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਜਿੱਥੇ ਕਿਸਾਨਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ ਉੱਥੇ ਉਨ੍ਹਾਂ ਨੂੰ ਤਾਜ਼ੇ ਫਲ ਖਾਣ ਲਈ ਉਪਲਬਧ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਾਂਨਗਰ ਲੁਧਿਆਣਾ ਦੇ ਲਹਿੰਦੇ ਪਾਸੇ ਪੈਂਦੇ ਪਿੰਡ ਝਮਟ ਦੇ ਵਸਨੀਕ ਅਤੇ ਪਰਵਾਸੀ ਭਾਰਤੀ, ਉੱਘੇ ਸਮਾਜ ਸੇਵੀ ਕਿਸਾਨ ਸਰਦਾਰ ਮਨਜੀਤ ਸਿੰਘ ਝਮਟ ਨੇ ਉਸ ਸਮੇਂ ਕੀਤਾ ਜਦੋਂ ਉਨ੍ਹਾਂ ਦੀ ਮੋਟਰ ਤੇ ਵਿਭਾਗ ਦੇ ਅਧਿਕਾਰੀਆਂ ਨੇ ਜਾਮਣ, ਔਲਾ ਅਤੇ ਅੰਬ ਆਦਿ ਦੇ ਬੂਟੇ ਲਗਾਏ। ਉਨ੍ਹਾਂ ਹੋਰ ਕਿਹਾ ਕਿ ਵਣ ਵਿਭਾਗ ਵੱਲੋਂ ਇਕ ਇਕ ਮੋਟਰ ਤੇ ਲਗਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ 3-3 ਫਲਦਾਰ ਬੂਟੇ ਜਿੱਥੇ ਮੋਟਰਾਂ ਦੀ ਸ਼ਾਨ ਬਣਨਗੇ ਉੱਥੇ ਕਿਸਾਨ ਇੱਕ ਦੂਜੇ ਨੂੰ ਫ਼ਲਾਂ ਦਾ ਲੈਣ ਦੇਣ ਵੀ ਕਰ ਸਕਣਗੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਲਗਾਏ ਜਾ ਰਹੇ ਫਲਾਂ ਦੇ ਬੂਟਿਆਂ ਦੇ ਇਸ ਕਾਰਜ ਵਿੱਚ ਸਹਿਯੋਗ ਕਰਨ ਅਤੇ ਬੂਟਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਇਸ ਸਮੇਂ ਬੂਟੇ ਲਾਉਣ ਆਏ ਵਣ ਵਿਭਾਗ ਦੇ ਅਧਿਕਾਰੀ ਸੁਖਜਿੰਦਰ ਸਿੰਘ ਅਤੇ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਓਹ ਹੁਣ ਤੱਕ ਕਿਸਾਨਾਂ ਦੀਆਂ 50 ਮੋਟਰਾਂ ਤੇ ਵੱਖ ਵੱਖ ਕਿਸਮ ਦੇ 3-3 ਫਲਦਾਰ ਬੂਟੇ ਲਗਾ ਚੁੱਕੇ ਹਨ ਅਤੇ ਵਿਭਾਗ ਨੂੰ ਕਿਸਾਨਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।