ਵਿਦੇਸ਼ ਭੇਜਣ ਦੇ ਨਾਮ ’ਤੇ 30 ਲੱਖ ਰੁਪਏ ਦੀ ਧੋਖਾਧੜੀ, ਆੜ੍ਹਤੀ, ਸਰਪੰਚ ਅਤੇ ਏਜੰਟ ਸਮੇਤ 4 ਖਿਲਾਫ਼ ਪਰਚਾ 

ਮਾਛੀਵਾੜਾ ਸਾਹਿਬ, 19 ਅਕਤੂਬਰ : ਮਾਛੀਵਾੜਾ ਪੁਲਸ ਵਲੋਂ ਮਲਕੀਤ ਸਿੰਘ ਵਾਸੀ ਕੋਟਾਲਾ ਬੇਟ ਦੀ ਸ਼ਿਕਾਇਤ ਦੇ ਅਧਾਰ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਾਹਿਲ ਸ਼ਰਮਾ ਵਾਸੀ ਮੋਰਿੰਡਾ, ਗੁਲਸ਼ਨ ਕੁਮਾਰ ਵਾਸੀ ਰਾਜਪੁਰਾ, ਕੁਲਦੀਪ ਸਿੰਘ ਸਰਪੰਚ ਪਿੰਡ ਲੱਛਡ਼ੂ, ਪਟਿਆਲਾ, ਏਜੰਟ ਟੋਨੀ ਸ਼ਰਮਾ ਪਤਾ ਨਾ-ਮਲੂਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਲਕੀਤ ਸਿੰਘ ਨੇ ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਉਸਦਾ ਭਤੀਜਾ ਜੋਬਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਪੇਨ ਜਾਣਾ ਚਾਹੁੰਦੇ ਸਨ ਅਤੇ ਇਸ ਸਬੰਧੀ ਸਾਡੀ ਮੁਲਾਕਾਤ ਏਜੰਟ ਸਾਹਿਲ ਵਾਸੀ ਮੋਰਿੰਡਾ ਨਾਲ ਹੋਈ। ਉਸਨੇ ਦੱਸਿਆ ਕਿ ਉਸ ਨਾਲ ਟੋਨੀ ਨਾਮ ਦਾ ਮੇਨ ਏਜੰਟ ਹੈ ਜੋ ਕਿ ਗੁਲਸ਼ਨ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲ ਕੇ ਉਹ ਸਾਰੇ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਕਤ ਵਿਅਕਤੀਆਂ ਨੇ ਵਿਦੇਸ਼ ਭੇਜਣ ਲਈ ਪ੍ਰਤੀ ਵਿਅਕਤੀ 15 ਲੱਖ ਰੁਪਏ ਤੈਅ ਕੀਤੇ। ਸ਼ਿਕਾਇਤਕਰਤਾ ਅਨੁਸਾਰ ਸਾਹਿਲ ਨੇ ਉਨ੍ਹਾਂ ਤੋਂ ਪਾਸਪੋਰਟ ਲੈ ਕੇ ਉਨ੍ਹਾਂ ਦੀ ਮੁਲਾਕਾਤ ਏਜੰਟ ਟੋਨੀ ਸ਼ਰਮਾ ਨਾਲ ਕਰਵਾਈ। ਸਾਹਿਲ ਦੇ ਕਹਿਣ ’ਤੇ ਉਨ੍ਹਾਂ ਟੋਨੀ ਸ਼ਰਮਾ ਦੇ ਖਾਤੇ ਵਿਚ ਵਿਦੇਸ਼ ਜਾਣ ਦੇ ਇਛੁੱਕ ਜੋਬਨਪ੍ਰੀਤ ਸਿੰਘ ਵਲੋਂ 7.20 ਲੱਖ ਰੁਪਏ ਅਤੇ ਹਰਪ੍ਰੀਤ ਸਿੰਘ ਵਲੋਂ 9.34 ਲੱਖ ਰੁਪਏ ਪਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਸਾਡੇ ਤੋਂ 8 ਲੱਖ ਅਤੇ 5.66 ਲੱਖ ਰੁਪਏ ਨਕਦ ਮਾਛੀਵਾੜਾ ਵਿਖੇ ਇੱਕ ਆੜ੍ਹਤੀ  ਦੀ ਦੁਕਾਨ ਤੋਂ ਉਕਤ ਏਜੰਟਾਂ ਨੇ ਨਕਦ ਵਸੂਲ ਪਾ ਲਏ। ਉਕਤ ਏਜੰਟ ਸਾਨੂੰ ਵੀਜ਼ੇ ਸਬੰਧੀ ਲਾਰੇ ਲਗਾਉਂਦੇ ਰਹੇ ਅਤੇ ਫਿਰ ਟੋਨੀ ਸ਼ਰਮਾ ਨੇ ਵੀਜ਼ਾ ਤੇ ਟਿਕਟ ਮੋਬਾਇਲ ਦੇ ਵਟਸਐਪ ਰਾਹੀਂ ਭੇਜ ਦਿੱਤੀ ਅਤੇ ਕਿਹਾ ਕਿ ਉਹ ਜਲਦ ਵਿਦੇਸ਼ ਚਲੇ ਜਾਣਗੇ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਟਿਕਟ ਤੇ ਵੀਜ਼ੇ ਦੀ ਚੈੱਕ ਕਰਵਾਏ ਤਾਂ ਦੋਵੇਂ ਹੀ ਜਾਅਲੀ ਨਿਕਲੇ। ਆਪਣੇ ਨਾਲ ਹੋਈ ਠੱਗੀ ਬਾਰੇ ਜਦੋਂ ਉਨ੍ਹਾਂ ਏਜੰਟ ਟੋਨੀ ਸ਼ਰਮਾ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਹ ਸਾਡੇ ਪੈਸੇ ਕਢਵਾਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਜਿਸ ’ਤੇ ਉਸਦਾ ਪਤਾ ਵੀ ਗਲਤ ਦਰਜ ਸੀ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਜਾਅਲੀ ਟਿਕਟ ਤੇ ਵੀਜ਼ਾ ਦੇ ਕੇ ਸਾਡੇ ਪੈਸੇ ਹਡ਼ੱਪ ਲਏ ਅਤੇ ਕਰੀਬ 30 ਲੱਖ ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤਕਰਤਾ ਮਲਕੀਤ ਸਿੰਘ ਅਨੁਸਾਰ ਉਨ੍ਹਾਂ ਵਲੋਂ ਜਦੋਂ ਸਾਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਭਰੋਸਾ ਦਿਵਾਇਆ ਕਿ ਤੁਹਾਡੇ ਪੈਸੇ ਤੇ ਪਾਸਪੋਰਟ ਵਾਪਸ ਕਰਵਾ ਦੇਵੇਗਾ ਜਿਸ ਸਬੰਧੀ ਉਸਨੇ ਸਾਨੂੰ ਗੁਲਸ਼ਨ ਆਡ਼੍ਹਤੀ ਰਾਜਪੁਰਾ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲਵਾਇਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਆਡ਼੍ਹਤੀ ਤੇ ਸਰਪੰਚ ਨੇ ਕਿਹਾ ਕਿ 2 ਲੱਖ ਰੁਪਏ ਦੀ ਫਿਰੌਤੀ ਦੇ ਦਿਓ, ਤੁਹਾਡੇ ਏਜੰਟ ਤੋਂ ਪੈਸੇ ਵਾਪਸ ਕਰਵਾ ਦੇਵਾਂਗੇ ਜਿਸ ’ਤੇ ਅਸੀਂ ਉਨ੍ਹਾਂ ਨੂੰ ਇਹ ਰਾਸ਼ੀ ਦੇ ਦਿੱਤੀ। 2 ਲੱਖ ਰੁਪਏ ਲੈਣ ਦੇ ਬਾਵਜ਼ੂਦ ਵੀ ਏਜੰਟ ਤੋਂ ਪੈਸੇ ਵਾਪਸ ਨਾ ਕਰਵਾਏ ਬਲਕਿ ਉਲਟਾ ਸਰਪੰਚ ਤੇ ਆੜ੍ਹਤੀ 4 ਲੱਖ ਰੁਪਏ ਹੋਰ ਮੰਗਣ ਲੱਗ ਪਏ ਅਤੇ ਕਿਹਾ ਕਿ ਉਹ ਤੁਹਾਨੂੰ ਠੱਗੀ ਮਾਰਨ ਵਾਲੇ ਏਜੰਟ ਟੋਨੀ ਸ਼ਰਮਾ ਦਾ ਘਰ ਦਿਖਾ ਦੇਣਗੇ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟੋਨੀ ਸ਼ਰਮਾ, ਗੁਲਸ਼ਨ ਆਡ਼੍ਹਤੀ, ਕੁਲਦੀਪ ਸਿੰਘ ਸਰਪੰਚ ਨੇ ਗਰੁੱਪ ਬਣਾਇਆ ਹੋਇਆ ਹੈ ਜੋ ਕਿ ਮਿਲੀਭੁਗਤ ਕਰਕੇ ਲੋਕਾਂ ਤੋਂ ਪੈਸੇ ਠੱਗਦਾ ਹੈ। ਉਕਤ ਸਾਰੇ ਵਿਅਕਤੀਆਂ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਹੁਣ ਸਾਨੂੰ ਪੈਸੇ ਵਾਪਸ ਕਰਨ ਦੀ ਬਜਾਏ ਧਮਕੀਆਂ ਦੇ ਰਹੇ ਹਨ। ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਜਾਂਚ ਉਪਰੰਤ ਉਕਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।