ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ ਨਵੀਂ ਵੋਟ ਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ ਭਰੇ ਜਾ ਰਹੇ ਫਾਰਮ : ਐਸ.ਡੀ.ਐਮ.

  • ਨਵੀਆਂ ਵੋਟਾਂ ਬਣਾਉਣ ਲਈ ਲਗਾਏ ਜਾਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ

ਫ਼ਤਹਿਗੜ੍ਹ ਸਾਹਿਬ, 25 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਇਹ 27 ਅਕਤੂਬਰ 2023 ਤੋਂ 09 ਦਸੰਬਰ 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਤਹਿਤ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ਼੍ਰੀ ਗੁਰਵਿੰਦਰ ਸਿੰਘ ਜੋਹਲ ਨੇ ਅਮਲੋਹ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ 01-01-2024 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਕੰਮ 9 ਦਸੰਬਰ 2023 ਤੱਕ ਚੱਲੇਗਾ। ਇਸ ਲਈ ਜਿਹੜੇ ਨਾਗਰਿਕਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹ ਆਪਣੀ ਵੋਟ ਬਣਵਾਉਣ ਲਈ ਫਾਰਮ ਨੰ: 6,  ਵੋਟ ਕਟਵਾਉਣ ਲਈ ਫਾਰਮ ਨੰ: 7 ਅਤੇ ਪਤਾ ਬਦਲਣ, ਸੋਧ ਕਰਵਾਉਣ, ਡੁਪਲੀਕੇਟ ਵੋਟਰ ਕਾਰਡ ਅਤੇ ਦਿਵਿਆਂਗਤਾ ਮਾਰਕ ਕਰਵਾਉਣ ਲਈ ਫਾਰਮ ਨੰ:8 ਭਰ ਕੇ ਸਬੰਧਤ ਬੂਥ ਲੈਵਲ ਅਫਸਰ ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਅਮਲੋਹ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਸ. ਜੋਹਲ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਹੁਣ ਮਿਤੀ 04 ਨਵੰਬਰ 2023 ਸ਼ਨਿੱਚਰਵਾਰ 05 ਨਵੰਬਰ 2023 ਦਿਨ ਐਤਵਾਰ 02 ਦਸੰਬਰ 2023 ਸ਼ਨਿੱਚਰਵਾਰ ਅਤੇ 03 ਦਸੰਬਰ 2023 ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਬੂਥ ਲੈਵਲ ਅਫ਼ਸਰ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।