ਕਾਂਗਰਸ ਦੇ ਸਾਬਕਾ ਵਿਧਾਇਕ ਜੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ

ਫਿਰੋਜ਼ਪੁਰ, 17 ਅਕਤੂਬਰ : ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਸਵੇਰੇ ਸਵੇਰੇ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਬੀਡੀਪੀਓ ਦਫਤਰ ਵਿੱਚ ਦਾਖਲ ਹੋ ਕੇ ਦਫਤਰ ‘ਚ ਅਧਿਕਾਰੀਆਂ ਦੇ ਦਫਤਰਾਂ ਅੰਦਰ ਹੀ ਬਿਸਤਰੇ ਵਿਛਾਕੇ ਦਿਨ ਰਾਤ ਧਰਨਾ ਦਿੱਤਾ ਗਿਆ ਸੀ, ਉਸ ਤੋਂ ਬਾਅਦ ਬੀਡੀਪੀਓ ਵੱਲੋਂ ਲਿਖਾਏ ਗਏ ਬਿਆਨ ਤੇ ਅਧਾਰ ਤੇ ਜ਼ੀਰਾ ਪੁਲਿਸ ਨੇ ਸਾਬਕਾ ਵਿਧਾਇਕ ਕਲਵੀਰ ਜੀਰਾ ਤੇ ਉਸ ਦੇ ਸਾਥੀਆਂ ਵਿਰੁੱਧ ਦਫਤਰੀ ਰਿਕਾਰਡ ਵਿੱਚ ਛੇੜਛਾੜ ਅਤੇ ਡਿਊਟੀ ‘ਚ ਬਿਗਨ ਪਾਉਣ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ ਸੀ। ਇਸ ਮਗਰੋਂ ਫਿਰੋਜ਼ਪੁਰ ਦੇ ਡਿਊਟੀ ਮੈਜਿਸਟਰੇਟ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਹਨਾਂ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਕੁਲਬੀਰ ਸਿੰਘ ਜ਼ੀਰਾ ਨੇ ਸਰਪੰਚਾਂ ਦੇ ਨਾਲ ਮਿਲ ਕੇ ਬੀ ਡੀ ਪੀ ਓ ਦਫਤਰ ਵਿਚ ਧਰਨਾ ਦਿੱਤਾ ਸੀ ਜਿਸ ’ਤੇ ਉਹਨਾਂ ਖਿਲਾਫ ਸਰਕਾਰੀ ਕੰਮ ਵਿਚ ਦਖਲ ਦੇਣ ਦੇ ਦੋਸ਼ ਹੇਠ ਧਾਰਾ 341, 186, 268 ਅਤੇ 149 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜ਼ੀਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸਮਰਥਕਾਂ ਨੇ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ। ਕੁਲਬੀਰ ਜ਼ੀਰਾ ਨੂੰ ਫ਼ਿਰੋਜ਼ਪੁਰ ਤੋਂ ਰੋਪੜ ਜੇਲ੍ਹ ਲਿਜਾਂਦੇ ਸਮੇਂ ਤਲਵੰਡੀ ਵਿਖੇ ਪੁਲਿਸ ਕਾਫ਼ਲੇ ਨੂੰ ਰੋਕਿਆ ਵੀ ਗਿਆ। ਸਾਬਕਾ ਵਿਧਾਇਕ ਜੀਰਾ ਨੇ ਕਿਹਾ ਕਿ ਉਹ ਸਰਕਾਰ ਅਤੇ ਸਥਾਨਕ ਵਿਧਾਇਕ ਖ਼ਿਲਾਫ਼ ਹਾਈ ਕੋਰਟ ਤੱਕ ਪਹੁੰਚ ਕਰਨਗੇ। ਵਿਧਾਇਕ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਉਹ ਫ਼ਿਰੋਜ਼ਪੁਰ ਦੇ ਐਸਐਸਪੀ ਦੀ ਨੱਕ ਹੇਠ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਬਾਰੇ ਖੁਲਾਸਾ ਕਰਨ ਜਾ ਰਹੇ ਸਨ ਅਤੇ ਕਿੱਥੇ ਰੇਤ ਦੀ ਨਾਜਾਇਜ਼ ਵਿਕਰੀ ਹੋ ਰਹੀ ਹੈ ਅਤੇ ਕਿਸ ਦੇ ਕਹਿਣ ’ਤੇ ਅਜਿਹਾ ਹੋ ਰਿਹਾ ਹੈ। ਇਸੇ ਡਰ ਕਾਰਨ ਉਹਨਾਂ ਨੂੰ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਚਾਰ ਦਿਨ ਪਹਿਲਾਂ ਫਿਰੋਜ਼ਪੁਰ 'ਚ ਵਿਧਾਇਕ ਜ਼ੀਰਾ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜ਼ੀਰਾ ਖੁਦ ਅੱਜ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਕਰਕੇ ਗ੍ਰਿਫ਼ਤਾਰੀ ਦਾ ਐਲਾਨ ਕਰਨ ਜਾ ਰਹੇ ਸਨ ਪਰ ਉਹਨਾਂ ਨੂੰ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।