ਲੋਕਾਂ ਦੇ ਹਰ ਮਸਲੇ ਦੇ ਹੱਲ ਲਈ ਪਹਿਲੇ ਦਿਨ ਤੋਂ ਕਰ ਰਿਹਾ ਹਾਂ ਪੁਰਜ਼ੋਰ ਕੋਸ਼ਿਸ਼ਾਂ : ਅਮਨ ਅਰੋੜਾ

  • ਕੈਬਨਿਟ ਮੰਤਰੀ ਨੇ ਸੁਨਾਮ ਹਲਕੇ ਦੇ ਪਿੰਡਾਂ ਦਾ ਆਪਸੀ ਸੰਪਰਕ ਸੁਧਾਰਨ ਲਈ 7.53 ਕਰੋੜ ਦੀ ਲਾਗਤ ਵਾਲੇ 3 ਵੱਡੇ ਪੁਲਾਂ ਦਾ ਰੱਖਿਆ ਨੀਂਹ ਪੱਥਰ
  • ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲਾ ਪੁਲ ਪਹਿਲੀ ਵਾਰ ਲੋਕਾਂ ਲਈ ਬਣੇਗਾ ਹਕੀਕਤ: ਕੈਬਨਿਟ ਮੰਤਰੀ ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ : ਸੁਨਾਮ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਆਪਸੀ ਸੰਪਰਕ ਸੁਧਾਰਨ ਲਈ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਅੱਜ ਤਿੰਨ ਵੱਡੇ ਪੁਲਾਂ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਵੱਲੋਂ ਅੱਜ ਰੱਖੇ ਨੀਂਹ ਪੱਥਰਾਂ ਵਿੱਚ ਇੱਕ ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲੇ ਪੁਲ ਦਾ ਰੱਖਿਆ ਗਿਆ ਹੈ ਜੋ ਕਿ ਪਹਿਲੀ ਵਾਰ ਲੋਕਾਂ ਲਈ ਹਕੀਕਤ ਬਣਨ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਹਲਕੇ ਦੇ ਮਸਲਿਆਂ ਅਤੇ ਸਮੱਸਿਆਵਾਂ ਦਾ ਸਰਵੇ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਰਵੇ ਵਿੱਚ ਹਲਕੇ ਵਿੱਚ 6 ਪੁਲਾਂ ਦੇ ਨਿਰਮਾਣ ਦੀ ਲੋੜ ਮਹਿਸੂਸ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਤਿੰਨ ਦਾ ਨੀਂਹ ਪੱਥਰ ਅੱਜ ਰੱਖਿਆ ਜਾ ਚੱਕਾ ਹੈ ਅਤੇ ਬਾਕੀ ਰਹਿੰਦੇ 3 ਪੁਲਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਵੀ ਜਲਦ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਝੰਬੋ ਡਰੇਨ ਉੱਪਰ ਬਣਨ ਵਾਲਾ ਅਤੇ ਸ਼ੇਰੋਂ ਮਾਡਲ ਟਾਊਨ ਤੋਂ ਘਾਸੀਵਾਲ ਨੂੰ ਜੋੜਨ ਵਾਲਾ ਪੁਲ 3.56 ਕਰੋੜ ਰੁਪਏ ਦੀ ਲਾਗਤ ਨਾਲ, ਚੀਮਾਂ ਤੋਂ ਫਤਿਹਗੜ੍ਹ ਨੂੰ ਜੋੜਨ ਵਾਲਾ ਪੁਲ 2.34 ਕਰੋੜ ਰੁਪਏ ਅਤੇ ਝਾੜੋਂ ਤੋਂ ਲੌਂਗੋਵਾਲ ਨੂੰ ਜੋੜਨ ਵਾਲਾ ਨਵਾਂ ਪੁਲ 1.63 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਕਸ਼ੇ ਪਾਸ ਕਰਵਾਉਣ ਤੋਂ ਪਹਿਲਾਂ ਭਵਿੱਖ ਵਿੱਚ ਟ੍ਰੈਫਿਕ ਅਤੇ ਬਰਸਾਤਾਂ ਮੌਕੇ ਹੜ੍ਹਾਂ ਦੇ ਪਾਣੀ ਆਉਣ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੀ ਉਚਾਈ ਅੱਜ ਤੱਕ ਆਏ ਹੜ੍ਹਾਂ ਦੇ ਪਾਣੀ ਤੋਂ ਵੀ ਇੱਕ ਮੀਟਰ ਉੱਚੀ ਰਖਵਾਈ ਗਈ ਹੈ। ਉਨ੍ਹਾਂ ਸਬੰਧਤ ਠੇਕੇਦਾਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਪੁਲਾਂ ਦੇ ਨਿਰਮਾਣ ਮੌਕੇ ਕਿਸੇ ਵੀ ਕੀਮਤ ਉੱਪਰ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ ਅਤੇ ਵਰਤੀ ਜਾਣ ਵਾਲੀ ਨਿਰਮਾਣ ਸਮੱਗਰੀ ਦੀ ਗੁਣਵੱਤਾ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮਨਪ੍ਰੀਤ ਬਾਂਸਲ, ਲਾਭ ਸਿੰਘ ਨੀਲੋਵਾਲ, ਨਰਿੰਦਰ ਠੇਕੇਦਾਰ, ਦੀਪਾ ਤੋਲਾਵਾਲ, ਗੁਰਚਰਨ ਚੋਵਾਸ ਬਲਾਕ ਪ੍ਰਧਾਨ, ਜੱਗਾ ਝਾੜੋ, ਮਲਕੀਤ ਸਾਹਪੁਰ ਬਲਾਕ ਪ੍ਰਧਾਨ, ਟੋਨੀ ਸ਼ਾਹਪੁਰ ਅਤੇ ਮੇਵਾ ਸਰਪੰਚ ਤੋਲਾਵਾਲ ਵੀ ਹਾਜ਼ਰ ਸਨ।