ਪਿੰਡ ਕਬੂਲ ਸ਼ਾਹ ਖੁੱਬਣ ਦਾ ਕਿਸਾਨ ਫ਼ਤੇਹ ਸਿੰਘ ਪਰਾਲੀ ਨਾਲ ਬਣਾਉਂਦਾ ਹੈ ਜ਼ਮੀਨ ਨੂੰ ਉਪਜਾਊ

ਫਾਜ਼ਿਲਕਾ, 27 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅਗ ਲਗਾਉਣ ਦੀ ਬਜਾਏ ਇਸ ਦੀ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਸੰਦ ਸਬਸਿਡੀ *ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਿਥੇ ਫਸਲ ਨੂੰ ਅਗ ਨਹੀਂ ਲਗਾਈ ਉਥੇ ਸਿਧੀ ਫਸਲ ਦੀ ਬਿਜਾਈ ਕਰਕੇ ਵਧ ਝਾੜ ਪ੍ਰਾਪਤ ਕੀਤਾ ਗਿਆ। ਪਿੰਡ ਕਬੂਲਸਾਹ ਖੁੱਬਣ ਦੇ ਅਗਾਂਹਵਧੂ ਕਿਸਾਨ ਫ਼ਤੇਹ ਸਿੰਘ ਇਲਾਕੇ ਲਈ ਇਕ ਉਦਾਹਰਣ ਹੈ ਜ਼ੋ ਕਿ ਪਿਛਲੇ ਪੰਜ ਸਾਲਾਂ ਤੋਂ  ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ  ਵੱਖ ਵੱਖ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਦੇ ਅੰਦਰ ਜ਼ਜ਼ਬ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਜ਼ਮੀਨ ਦੀ ਬਣਤਰ ਅਤੇ ਸਿਹਤ ਨੂੰ ਸੁਧਾਰ ਕੇ ਕਿਸਾਨੀ ਨੂੰ ਲਾਹੇਵੰਦ ਬਣਾ ਰਹੇ ਹਨ। ਇਸ ਵਾਰੀ ਵੀ ਸ੍ਰੀ ਫ਼ਤੇਹ ਸਿੰਘ ਅਪਣੀ 18 ਏਕੜ ਝੋਨੇ ਦੀ ਪਰਾਲੀ ਨੂੰ ਮੱਲਚਰ ਦੀ ਵਰਤੋਂ ਤੋਂ ਬਾਅਦ ਰਿਵਰਸੀਬਲ ਪਲਟਾਊ ਹਲ ਦਾ ਪ੍ਰਯੋਗ ਕਰਕੇ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾ ਰਹੇ ਹਨ। ਉਨ੍ਹਾਂ ਨੇ ਅੱਜ ਆਪਣੇ ਖੇਤ ਵਿਚ ਡੈਮੋਂਸਟ੍ਰੇਸਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਦੇ ਅੰਦਰ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਉਪਜ ਵੱਧ ਮਿਲਦੀ ਹੈ। ਉਨ੍ਹਾਂ ਨੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਚ ਕੁੱਝ ਮਿਹਨਤ ਜ਼ਰੂਰ ਜ਼ਿਆਦਾ ਕਰਨੀ ਪੈਂਦੀ ਹੈ ਪ੍ਰੰਤੂ ਇਸ ਦੇ ਫਾਇਦੇ ਵੀ ਬਹੁਤ ਹਨ। ਇਸ ਮੋਕੇ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਕਾਸ ਅਫਸਰ  ਰਾਜਿੰਦਰ ਕੁਮਾਰ ਵਰਮਾ ਅਤੇ ਖੇਤੀਬਾੜੀ ਉਪ ਨਿਰੀਖਕ ਸੁਨੀਲ ਕੁਮਾਰ ਵੀ ਮੋਜੂਦ ਸਨ।ਉਨ੍ਹਾਂ ਨੇ ਦਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੁਸ਼ਿਤ ਹੁੰਦਾ ਹੈ ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤਨ ਵਾਲਿਆਂ ਵੱਖ ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।