ਕਿਸਾਨ ਸਬਸਿਡੀ ਵਾਲੀ ਮਸ਼ੀਨਰੀ ਕਿਰਾਏ ਤੇ ਦੇਣ ਲਈ ਹੋਣਗੇ ਪਾਬੰਦ- ਡਿਪਟੀ ਕਮਿਸ਼ਨਰ

ਫਰੀਦਕੋਟ 23 ਅਗਸਤ : ਝੋਨੇ ਅਤੇ ਬਾਸਮਤੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਦਿਸ਼ਾ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਨਿੱਜੀ ਕਿਸਾਨ ਗਰੁੱਪਾਂ ਨੂੰ ਮਸ਼ੀਨਰੀ 80 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਕੀਤੀ ਗਈ ਹੈ, ਜਿਸ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਨੂੰ ਖੇਤ ਚੋਂ ਬਾਹਰ ਕੱਢ ਸਕਦੇ ਹਨ ਜਾਂ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ ਸਗੋਂ ਇਸ ਦੀ ਖੇਤ ਵਿੱਚ ਹੀ ਸੰਭਾਲ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਪ੍ਰਦੂਸ਼ਨ ਨਹੀਂ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਛੋਟੇ ਅਤੇ ਸੀਮਾਂਤ ਕਿਸਾਨ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦੇ, ਉਹ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਨਿੱਜੀ ਕਿਸਾਨ ਗਰੁੱਪਾਂ ਤੋਂ ਮਸ਼ੀਨਰੀ ਕਿਰਾਏ ਤੇ ਲੈਣਗੇ। 80 ਪ੍ਰਤੀਸ਼ਤ ਸਬਸਿਡੀ ਲੈਣ ਵਾਲੇ ਸਾਰੇ ਗਰੁੱਪ ਖੇਤੀ ਮਸ਼ੀਨਰੀ ਕਿਰਾਏ ਤੇ ਦੇਣ ਲਈ ਪਾਬੰਦ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਸ਼ਿਕਾਇਤ ਆਉਂਦੀ ਹੈ ਕਿ ਉਸਨੂੰ ਮਸ਼ੀਨਰੀ ਕਿਰਾਏ ਤੇ ਨਹੀਂ ਮਿਲ ਰਹੀ ਤਾਂ ਸਬੰਧਤ ਗਰੁੱਪ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਰੇ ਕਸਟਮ ਹਾਇਰਿੰਗ ਸੈਂਟਰਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਸ਼ੀਨਰੀ ਦੀ ਸਮਰੱਥਾ ਅਨੁਸਾਰ ਠੀਕ ਵਰਤੋਂ ਹੋ ਸਕੇ।