ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਰਾਜਪੁਰਾ ਦੇ ਵੱਖ-ਵੱਖ ਪਿੰਡਾਂ 'ਚ ਕੀਤਾ ਜਾਗਰੂਕ

  • ਜਾਂਸਲਾ ਦੇ ਨੰਬਰਦਾਰ ਵੱਲੋਂ ਬੇਲਰ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ
  • ਬਲਾਕ ਘਨੌਰ ਦੇ ਕਿਸਾਨ ਅਮਨਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਪਰਾਲੀ ਜਮੀਨ 'ਚ ਮਿਲਾਉਣ ਦੀ ਕੀਤੀ ਅਪੀਲ

ਰਾਜਪੁਰਾ, 11 ਅਕਤੂਬਰ : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ਵਿੱਚ ਹੀ ਮਿਲਾਉਣ ਜਾਂ ਫਿਰ ਇਸ ਨੂੰ ਹੋਰਨਾਂ ਤਰੀਕਿਆਂ ਨਾਲ ਖੇਤਾਂ ਵਿੱਚੋਂ ਬਾਹਰ ਕੱਢਣ ਬਾਬਤ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਸਾਰਥਿਕ ਨਤੀਜੇ ਰਾਜਪੁਰਾ ਸਬ ਡਵੀਜਨ ਵਿੱਚ ਸਾਹਮਣੇ ਆਏ ਹਨ। ਇੱਥੇ ਘਨੌਰ ਬਲਾਕ ਦੇ ਪਿੰਡ ਸੇਖੂਪੁਰ ਦੇ ਕਿਸਾਨ ਅਮਨਿੰਦਰ ਸਿੰਘ ਨੇ ਜਿੱਥੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਦਾ ਸਫ਼ਲ ਤਜਰਬਾ ਕੀਤਾ ਹੈ, ਉਥੇ ਹੀ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ ਹੈ। ਜਦੋਂ ਕਿ ਅੱਜ ਰਾਜਪੁਰਾ ਦੇ ਵੱਖ-ਵੱਖ ਪਿੰਡਾਂ, ਪਿਲਖਣੀ, ਜਾਂਸਲਾ, ਪਿੱਪਲ ਮੰਘੌਲੀ, ਰਾਮ ਨਗਰ ਸੌਂਟੀ, ਅਲਾਵਲਪੁਰ, ਬਲਸੁਆਂ, ਧਰਮਗੜ੍ਹ, ਸੁਹਰੋਂ, ਭਟੇੜੀ, ਫਤਿਹਪੁਰ ਗੜ੍ਹੀ, ਭੱਪਲ, ਤੱਖਤੂਮਾਜਰਾ, ਸ਼ੰਕਰਪੁਰ, ਕਾਮੀ ਕਲਾਂ, ਮੋਹੀ ਕਲਾਂ, ਮੁਗਲ ਮਾਜਰਾ ਆਦਿ ਪਿੰਡਾਂ ਵਿੱਚ ਖੇਤੀਬਾੜੀ ਤੇ ਕਿਸਾਨ ਵਿਭਾਗ, ਸਹਿਕਾਰਤਾ ਵਿਭਾਗ ਤੇ ਪੰਜਾਬ ਫਾਇਰ ਸਰਵਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਪਰਲੀਨ ਕੌਰ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਬ ਡਵੀਜਨ ਦੇ ਪਿੰਡਾਂ ਵਿੱਚ ਵੱਖ-ਵੱਖ ਵਿਭਾਗੀ ਟੀਮਾਂ ਜਾ ਕੇ ਕਿਸਾਨਾਂ ਨਾਲ ਜਿੱਥੇ ਗੱਲਬਾਤ ਕਰਕੇ ਉਨ੍ਹਾਂ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਉਥੇ ਹੀ ਉਨ੍ਹਾਂ ਨੂੰ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਐਸ.ਡੀ.ਐਮ. ਨੇ ਦੱਸਿਆ ਕਿ ਜਾਂਸਲਾ ਪਿੰਡ ਵਿਖੇ ਗਰਾਮ ਪੰਚਾਇਤ ਤੇ ਨੰਬਰਦਾਰ ਬਲਵੰਤ ਸਿੰਘ ਵੱਲੋਂ ਪਰਾਲੀ ਇਕੱਠੀ ਕਰਨ ਲਈ ਮਸ਼ੀਨਰੀ ਦੀ ਲੋੜ ਬਾਰੇ ਦੱਸਿਆ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਘੜਾਮੀ ਕਲਾਂ ਤੋਂ ਕਿਸਾਨਾਂ ਨੂੰ ਬੇਲਰ ਮੰਗਵਾ ਕੇ ਦਿਤਾ ਗਿਆ। ਇਸ ਤਰ੍ਹਾਂ ਇਸ ਪਿੰਡ ਵਿੱਚ ਨਾੜ ਨੂੰ ਅੱਗ ਲੱਗਣ ਤੋਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਨੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ ਹੈ। ਨੰਬਰਦਾਰ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਅੱਗ ਨਹੀਂ ਲਗਾਉਣਗੇ।