ਕਿਸਾਨ ਨਰਮੇਂ ਦੀ ਗੁਲਾਬੀ ਸੁੰਡੀ 'ਤੋਂ ਸੁਚੇਤ ਰਹਿਣ

ਫਰੀਦਕੋਟ 23 ਅਗਸਤ : ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਨਰਮੇਂ ਅਤੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਪਿੰਡ ਬਰਗਾੜੀ ਅਤੇ ਝੱਖੜਵਾਲਾ ਵਿਖੇ ਕੀਤਾ ਗਿਆ। ਇਸ ਸਮੇਂ ਟੀਮ ਵਿੱਚ ਡਾ. ਗੁਰਪ੍ਰੀਤ ਸਿੰਘ, ਸਹਾਇਕ ਕਪਾਹ ਵਿਸਥਾਰ ਅਫਸਰ ਕੋਟਕਪੂਰਾ, ਡਾ. ਗੁਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬਾਜਾਖਾਨਾ, ਡਾ. ਜਤਿੰਦਰਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਬਰਗਾੜੀ, ਡਾ. ਖੁਸ਼ਵੰਤ ਸਿੰਘ, ਡੀ.ਪੀ.ਡੀ. ਆਤਮਾ ਫਰੀਦਕੋਟ ਅਤੇ ਸ੍ਰੀ ਪਵਨਦੀਪ ਸਿੰਘ, ਏ.ਟੇ.ਐਮ. ਆਤਮਾ ਕੋਟਕਪੂਰਾ ਹਾਜ਼ਰ ਸਨ। ਡਾ. ਗਿੱਲ ਵੱਲੋਂ ਦੱਸਿਆ ਗਿਆ ਕਿ ਨਰਮੇਂ ਦੀ ਫਸਲ ਵਧੀਆ ਖੜੀ ਹੈ ਅਤੇ ਕਿਸੇ ਕਿਸਮ ਦੀ ਕੋਈ ਬਿਮਾਰੀ ਜਾਂ ਕੀਟ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਵੱਧ ਨਹੀਂ ਹੈ। ਉਹਨਾਂ ਕਿਸਾਨ ਵੀਰਾਂ ਨੂੰ ਨਰਮੇਂ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਅਤੇ ਲਗਾਤਾਰ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵੀਰਾਂ ਨੂੰ ਕਿਸੇ ਬਿਮਾਰੀ ਜਾਂ ਕੀਟ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਵੱਧ ਦੇਖਣ ਨੂੰ ਮਿਲਦਾ ਹੈ ਤਾਂ ਉਹ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦੇ ਸਰਵੇਖਣ ਦੌਰਾਨ ਦੇਖਿਆ ਗਿਆ ਕਿ ਫਸਲ ਦੀ ਹਾਲਤ ਵਧੀਆ ਹੈ ਅਤੇ ਕਿਸਾਨ ਵੀਰਾਂ ਵੱਲੋਂ ਤਸੱਲੀ ਪ੍ਰਗਟਾਈ ਗਈ ਕਿ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੋਂ ਹੀ ਖੇਤੀ ਖਰਚੇ ਵੀ ਘਟਦੇ ਹਨ।