ਕੀਟਨਾਸ਼ਕ ਸਪਰੇ ਖਰੀਦਣ ਸਮੇਂ ਕਿਸਾਨ ਪੱਕਾ ਬਿੱਲ ਜ਼ਰੂਰ ਲੈਣ : ਕੈਬਨਿਟ ਮੰਤਰੀ ਖੂੱਡੀਆਂ

  • ਖੇਤੀਬਾੜੀ ਮੰਤਰੀ ਵੱਲੋਂ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
  • ਨਰਮੇ ਦੇ ਖੇਤਾਂ ਦੀ ਤਾਜ਼ਾ ਸਥਿਤੀ ਦਾ ਲਿਆ ਜਾਇਜ਼ਾ

ਫਾਜ਼ਿਲਕਾ 25 ਸਤੰਬਰ : ਪੰਜਾਬ ਦੇ ਖੇਤੀਬਾੜੀ ਮੰਤਰੀ  ਗੁਰਮੀਤ ਸਿੰਘ ਖੂੱਡੀਆਂ ਨੇ ਫਾਜਿ਼ਲਕਾ ਦੇ ਅਰਨੀਵਾਲਾ (ਸੇਖ ਸੁਭਾਨ), ਝੋਟਿਆ ਵਾਲੀ ਅਤੇ ਜੰਡਵਾਲਾ ਭੀਮੇਸ਼ਾਹ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਖੁਦ ਨਰਮੇ ਦੇ ਖੇਤਾਂ ਵਿਚਕਾਰ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਦੀ ਤਾਜਾ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਐੱਸ.ਡੀ.ਐੱਮ ਨਿਕਾਸ ਖੀਚੜ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਵੀ ਚੀਮਾ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੂੱਡੀਆਂ ਨੇ ਕਿਹਾ ਕਿ ਜਿਉਂ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਨਰਮੇ ਦੇ ਪੱਟੀ ਇਸ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ ਤਾਂ ਉਹ ਤੁਰੰਤ ਅੱਜ ਇੱਥੇ ਪੁੱਜੇ ਹਨ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਗੁਲਾਬੀ ਸੁੰਡੀ ਦੇ ਹਮਲੇ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਲਗਾਤਾਰ ਨਰਮੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਿਤੇ ਵੀ ਥੋੜੀ ਵੀ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਕੀਟਨਾਸ਼ਕ ਸਪਰੇ ਕਰਨ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਸਪਰੇ ਖਰੀਦਣ ਸਮੇਂ ਕਿਸਾਨ ਪੱਕਾ ਬਿੱਲ ਜ਼ਰੂਰ ਲੈਣ ਕਿਉਂਕਿ ਜਿਨ੍ਹਾਂ ਖੇਤਾਂ ਵਿੱਚ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਉਹ ਕੀਟਨਾਸ਼ਕ ਸਪਰੇ ਦਾ ਨਕਲੀ ਹੋਣ ਦਾ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦਾ ਬੀਜ ਵੀ ਤਸਦੀਕ ਸੁਦਾ ਹੋਣਾ ਚਾਹੀਦਾ ਹੈ ਤੇ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾ ਤੇ ਬੀਜ ਤੇ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕਰਨ ਤਾਂ ਜੋ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਖੇਤੀਬਾੜੀ ਵਿਭਾਗ ਸਮੇਂ ਸਮੇਂ ਤੇ ਕਿਸਾਨਾਂ ਨੂੰ ਕੈਂਪਾਂ ਰਾਹੀਂ ਜਾਗਰੂਕ ਵੀ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਰਮੇ ਦੀ ਫਸਲ ਉੱਪਰ ਕੀਤੀ ਕੀਟਨਾਸ਼ਕ ਦਵਾਈ ਨਕਲੀ ਲੱਗਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਤੁਰੰਤ ਉਸਦੀ ਟੈਸਟਿੰਗ ਕਰਵਾਈ ਜਾ ਸਕੇ ਤੇ ਦਵਾਈ ਨਕਲੀ ਪਾਈ ਜਾਣ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਤੁਹਾਡੇ ਨਾਲ ਹਨ ਤੇ ਨਕਲੀ ਦਵਾਈ ਤੇ ਬੀਜ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਨਰਮੇ ਦੀ ਅਗਲੀ ਫਸਲ ਦੌਰਾਨ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਨਰਮੇ ਦਾ ਬੀਜ ਸਰਕਾਰੀ ਤੌਰ ਤੇ ਵੇਚਿਆ ਜਾਵੇ ਤਾਂ ਜੋ ਕਿਸਾਨ ਨਕਲੀ ਬੀਜ ਅਤੇ ਅਣਸੋਧੇ ਬੀਜ ਦੀ ਲੁੱਟ ਤੋਂ ਬਚ ਸਕਣ। ਸ. ਖੂੱਡੀਆਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹਨ ਤੇ ਕਿਸਾਨਾਂ ਦੀ ਆਰਥਿਕਤਾ ਇਨ੍ਹਾਂ ਦੀ ਫਸਲ ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਕਿਸਾਨਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਫਸਲਾਂ ਦੇ ਪਿਛਲੇ ਮੁਆਵਜ਼ੇ ਦੀ ਗੱਲ ਕਰਦਿਆਂ ਕਿਹਾ ਕਿ ਉਸ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਨਰਮੇ ਦੀ ਫਸਲ ਖਰਾਬ ਹੋਈ ਹੈ ਉਸਦੀ ਵੀ ਗਿਰਦਾਵਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦੀ ਰਹਿੰਦ ਖੂੰਹਦ ਜੋ ਕਿਸਾਨ ਆਪਣੇ ਖੇਤਾਂ ਵਿੱਚ ਰੱਖਦੇ ਹਨ ਉਹ ਨਰਮੇ ਦੀ ਬਿਜਾਈ ਤੋਂ ਪਹਿਲਾ ਅੱਗ ਲਗਾ ਕੇ ਨਸ਼ਟ ਕਰ ਦੇਣ ਤਾਂ ਜੋ ਵੀ ਗੁਲਾਬੀ ਸੁੰਡੀ ਦਾ ਲਾਰਵਾ ਪਲ ਰਿਹਾ ਹੈ ਉਹ ਸੜ ਕੇ ਸੁਆਹ ਹੋ ਜਾਵੇ ਤੇ ਫਸਲ ਤੇ  ਇਸ ਦਾ ਪ੍ਰਕੋਪ ਨਾ ਦਿਸੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੱਚ ਸਟਾਲ ਲਗਾਉਣ ਵਾਲੀ ਇਜ਼ਾਜਤ ਲੈਣੀ ਪਵੇਗੀ ਕਿ ਉਹ ਮਿਆਰੀ ਕਿਸਮ ਦੇ ਬੀਜ ਹੀ ਕਿਸਾਨਾਂ ਨੂੰ ਵੇਚਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਫਸਲਾਂ ਦੇ ਨੁਕਸਾਨੇ ਦਾ ਹੱਲ ਤੁਰੰਤ ਅਤੇ ਜਮੀਨੀ ਪੱਧਰ ਤੇ ਕੀਤਾ ਜਾ ਸਕੇ। ਪਿਛਲੇ ਸਮੇਂ ਦੌਰਾਨ ਕੀਤੇ ਨਿਰੀਖਣ ਵਿੱਚ ਨਰਮੇ ਦੀ ਫਸਲ ਕਾਫੀ ਵਧੀਆ ਸੀ ਪਰ ਹੁਣ ਕੁਝ ਮਾਤਰਾ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ ਹੈ ਪਰ ਇਸ ਦੇ ਹੱਲ ਲਈ ਉਹ ਸਿਰਤੋੜ ਯਤਨ ਕਰ ਰਹੇ ਹਨ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖਤ ਹਦਾਇਤਾਂ ਹਨ ਕਿ ਕਿਸਾਨਾਂ ਦੀ ਫਸਲ ਖਰਾਬ ਹੋਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਚਾਹੇ ਉਹ ਕਿਸਾਨ ਹੋਣ ਤੇ ਆਮ ਲੋਕ  ਉਨ੍ਹਾਂ ਹੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਹਲਕੇ ਦੇ ਝੋਟਿਆ ਵਾਲੀ ਪਿੰਡ ਵਿੱਚ ਗਏ ਤਾਂ ਉਨ੍ਹਾਂ ਦੇਖਿਆ ਕਿ ਕਿਸਾਨਾਂ ਦੇ ਨਰਮੇ ਦੀ ਕੁੱਝ ਫਸਲ ਗੁਲਾਬੀ ਸੁੰਡੀ ਨੇ ਪ੍ਰਭਾਵਿਤ ਕੀਤੀ ਹੈ ਤਾਂ ਉਨ੍ਹਾਂ ਤੁਰੰਤ ਮਾਣਯੋਗ ਖੇਤੀਬਾੜੀ ਮੰਤਰੀ ਨੂੰ ਕਿਹਾ ਕਿ ਉਹ ਹਲਕੇ ਦੇ ਨਰਮੇ ਦੇ ਖਰਾਬੇ ਦੇ ਖੇਤਾਂ ਦਾ ਜਾਇਜ਼ਾ ਲੈਣ ਤੇ ਮਾਣਯੋਗ ਮੰਤਰੀ ਸ. ਖੂੱਡੀਆਂ ਅੱਜ ਨੁਕਸਾਨੇ ਖੇਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ ਜਿਸ ਲਈ ਉਹ ਇਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਜੋ ਖਰਾਬਾ ਹੋਇਆ ਹੈ ਉਸਦੀ ਜਾਂਚ ਲਈ ਖੇਤੀਬਾੜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਅਗਾਂਹ ਹੋਣ ਵਾਲੇ ਖਰਾਬੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੀ ਨਰਮੇ ਦੀ ਫਸਲ ਤੇ ਹੋਈ ਕੀਟਨਾਸ਼ਕ ਸਪਰੇ ਅਤੇ ਬੀਜ ਦੀ ਜਾਂਚ ਕਰਵਾਉਣ ਤਾਂ ਜੋ ਪਤਾ ਲੱਗੇ ਕਿ ਇਹ ਨਕਲੀ ਤਾਂ ਨਹੀਂ ਹੈ ਜੇਕਰ ਅਜਿਹਾ ਹੁੰਦਾ ਹੈ ਕੀਟਨਾਸ਼ਕ ਸਪਰੇ ਵੇਚਣ ਵਾਲਿਆਂ ਤੇ ਸਿਕੰਜਾ ਕੱਸਿਆ ਜਾ ਸਕੇ। ਇਸ ਮੌਕੇ ਡਿਪਟੀ ਡਾਇਰਕੈਟਰ ਬਾਗਬਾਨੀ (ਸਿਟਰਸ ਅਸਟੇਟ) ਅਬੋਹਰ ਜਤਿੰਦਰ ਸਿੰਘ ਸਿੱਧੂ, ਸਹਾਇਕ ਡਾਇਰੈਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ ਅਤੇ ਐੱਸ.ਪੀ. ਮੋਹਨ ਲਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ, ਆਪ ਆਗੂ ਤੇ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।