ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਸਬਸਿਡੀ ਲੈਣ ਲਈ ਕਿਸਾਨ ਹੁਣ 10 ਜੁਲਾਈ ਤੱਕ ਕਰ ਸਕਦੇ ਹਨ ਰਜਿਸਟਰੇਸ਼ਨ

  • ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ' ਤੇ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਾ ਮਿਲੇਗਾ ਲਾਭ
  • ਵਿੱਤੀ ਰਾਸ਼ੀ ਦਾ ਲਾਭ ਲੈਣ ਲਈ ਕਿਸਾਨ https://www.agrimachinerypb.com ਤੇ ਕਰਨ ਆਪਣੀ ਰਜਿਸਟਰੇਸ਼ਨ

ਮਾਲੇਰਕੋਟਲਾ 1 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪੋਰਟਲ ਉੱਪਰ ਰਜਿਸਟਰ ਕਰਨ ਦਾ  ਸਮਾਂ ਰਜਿਸਟਰੇਸ਼ਨ 25 ਜੂਨ 2023 ਤੋਂ ਵਧਾ ਕੇ 10 ਜੁਲਾਈ 2023 ਤੱਕ ਕਰ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਦਿੱਤੀ ਜਾਣ ਵਾਲੀ ਵਿੱਤੀ ਰਾਸ਼ੀ 1500 ਰੁਪਏ ਪ੍ਰਤੀ ਏਕੜ ਨੂੰ ਪ੍ਰਾਪਤ ਕਰਨ ਲਈ ਕਿਸਾਨ https://agrimachinerypb.com ਪੋਰਟਲ ਉੱਪਰ ਆਪਣੇ ਰਕਬੇ ਦੀ ਰਜਿਸਟ੍ਰੇਸ਼ਨ ਕਰਨ  ਅਤੇ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 11 ਜੁਲਾਈ ਤੋਂ 20 ਜੁਲਾਈ 2023 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਲਈ ਝੋਨੇ ਦੀ ਸਿਧੀ ਬਿਜਾਈ ਕਰਨ 'ਤੇ ਸਬਸਿਡੀ ਹਾਸਲ ਕਰਨ ਲਈ 10 ਜੁਲਾਈ 2023 ਤੱਕ ਦਾ ਮੌਕਾ ਹੈ, ਇਸ ਕਰਕੇ ਕਿਸਾਨ ਵੀਰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਸਬੰਧੀ ਮੁੱਖ ਖੇਤੀਬਾੜੀ  ਅਫ਼ਸਰ ਡਾ ਹਰਬੰਸ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ ਉਪਰੋਕਤ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਉਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਜਿਵੇਂ ਕਿ ਜਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ/ਖੇਵਟ ਤੇ ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਜਾਂ ਬਿਗਾ) ਦਿੱਤਾ ਜਾਣਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਅਸੀਂ ਦਿਨੋ-ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਿਚ ਵੀ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਾਣੀ ਪ੍ਰਮਾਤਮਾ ਵੱਲੋਂ ਸਾਡੇ ਸਭਨਾਂ ਲਈ ਬਖਸ਼ੀ ਅਣਮੁਲੀ ਦਾਤ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਬਚਾਉਣ ਦੀ ਬਹੁਤ ਲੋੜ ਹੈ ਅਤੇ ਇਸ ਕੁਦਰਤੀ ਦਾਤ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।