ਸਸਤੇ ਰੇਟਾਂ ’ਤੇ ਮਸ਼ੀਨਰੀ ਕਿਰਾਏ ’ਤੇ ਲੈ ਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਕਿਸਾਨ : ਵਧੀਕ ਡਿਪਟੀ ਕਮਿਸ਼ਨਰ

  • ਵਧੀਕ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਮਸ਼ੀਨਰੀ ਦੀ ਵਰਤੋਂ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ
  • ਮਸ਼ੀਨਰੀ ਰਾਹੀਂ ਪਰਾਲੀ ਦਾ ਢੁਕਵਾਂ ਪ੍ਰਬੰਧ ਕਰਕੇ ਵਾਈਟਨ ਐਨਰਜੀ ਪਲਾਂਟ ਵਿਖੇ ਸਪਲਾਈ ਕਰਨ ਵਾਲੇ ਕਿਸਾਨ ਦੀ ਕੀਤੀ ਸ਼ਲਾਘਾ

ਮਾਨਸਾ, 30 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਪਿੰਡ ਹੀਰੋਂ ਕਲਾਂ, ਖਿਆਲਾ ਕਲਾਂ ਅਤੇ ਮਾਨਸਾ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਬਲਾਕ ਭੀਖੀ ਦੇ ਪਿੰਡ ਹੀਰੋ ਕਲਾਂ ਵਿਖੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਖੇਤੀਬਾੜੀ ਵਿਭਾਗ/ਕੋਆਪਰੇਟਿਵ ਸੁਸਾਇਟੀਆਂ/ਪੰਚਾਇਤਾਂ/ਕਿਸਾਨ ਗਰੁੱਪ ਅਤੇ ਨਿੱਜੀ ਕਿਸਾਨਾਂ ਪਾਸ ਮਸ਼ੀਨਰੀ ਉਪਲੱਬਧ ਹੈ ਅਤੇ ਕਿਸਾਨ ਇਹ ਮਸ਼ੀਨਰੀ ਸਸਤੇ ਰੇਟਾਂ ’ਤੇ ਕਿਰਾਏ ’ਤੇ ਲੈ ਕੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।  ਇਸ ਤੋਂ ਬਾਅਦ ਉਨ੍ਹਾਂ ਪਿੰਡ ਖਿਆਲਾ ਕਲਾਂ ਦੇ ਨੰਬਰਦਾਰ ਸ੍ਰੀ ਬਿੱਕਰ ਸਿੰਘ  ਦੇ ਖੇਤ ਦਾ ਦੌਰਾ ਕੀਤਾ, ਜਿੱਥੇ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਕਰਨ ਉਪਰੰਤ ਹੈਪੀ ਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ। ਉਨ੍ਹਾਂ ਕਿਸਾਨਾਂ ਵੱਲੋਂ ਇਸ ਤਰੀਕੇ ਨਾਲ ਕੀਤੀ ਜਾ ਰਹੀ ਬਿਜਾਈ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਉੁਹ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਬਿਨ੍ਹਾਂ ਅੱਗ ਲਗਾਏ ਬਿਜਾਈ ਕਰਨ ਲਈ ਪ੍ਰੇਰਿਤ ਕਰਨ। ਮਾਨਸਾ ਦੇ ਇੱਕ ਖੇਤ ਵਿੱਚ ਬੇਲਰ ਦੁਆਰਾ ਪਰਾਲੀ ਦਾ ਐਕਸ—ਸੀਟੂ ਪ੍ਰਬੰਧਨ ਕਰਦਿਆਂ ਗੱਠਾਂ ਬਣਾ ਕੇ ਵਾਈਟਨ ਐਨਰਜੀ ਪਲਾਂਟ, ਖੋਖਰ ਖੁਰਦ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਤਰੀਕਾ ਪਰਾਲੀ ਦੀ ਸਹੀ ਸਾਂਭ—ਸੰਭਾਲ ਲਈ ਕਾਫੀ ਢੁੱਕਵਾਂ ਹੈ ਇਸ ਸਬੰਧੀ ਹੋਰ ਕੰਪਨੀਆਂ ਨਾਲ ਤਾਲਮੇਲ ਕਰਕੇ ਅਜਿਹੇ ਪਲਾਂਟ ਲਗਾਉਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਸ੍ਰੀ ਮਨੋਜ ਕੁਮਾਰ, ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਹਰ ਤਰ੍ਹਾ ਦਾ ਸਹਿਯੋਗ ਕਰ ਰਿਹਾ ਹੈ। ਜੇਕਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸਕਿਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਬਲਾਕ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ, ਇੰਜ: ਕੁਲਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜ: ਮਾਨਸਾ, ਸ੍ਰੀ ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਸ੍ਰੀ ਅਮਨਦੀਪ ਸਿੰਘ ਚਹਿਲ, ਖੇਤੀਬਾੜੀ ਵਿਕਾਸ ਅਫਸਰ, ਭੀਖੀ, ਸ੍ਰੀ ਗੁਰਖਬਸ ਸਿੰਘ, ਖੇਤੀਬਾੜੀ ਉਪ ਨਿਰੀਖਕ ਆਦਿ ਹਾਜਰ ਸਨ।