ਲੰਢੇਕੇ, ਬਕਰਵਾਲਾ, ਬਾਘਾਪੁਰਾਣਾ ਵਿਖੇ ਪਰਾਲੀ ਨੂੰ ਨਾ ਜਲਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

  • ਪਰਾਲੀ ਪ੍ਰਬੰਧਨ ਦੇ ਵਾਤਾਵਰਨ ਪੱਖੀ ਨੁਕਤੇ ਕੀਤੇ ਸਾਂਝੇ

ਮੋਗਾ, 30 ਅਕਤੂਬਰ : ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਪਿੰਡ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਵਾਤਾਵਰਨ ਪੱਖੀ ਸਬਸਿਡੀ ਯੁਕਤ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਕਤ ਦੀ ਲਗਾਤਾਰਤਾ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਖੇਤੀਬਾੜੀ ਟੀਮ ਵੱਲੋਂ ਪਿੰਡ ਬਕਰਵਾਲਾ, ਬਾਘਾਪੁਰਾਣਾ, ਲੰਢੇਕੇ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਖੇਤੀਬਾੜੀ ਮਾਹਿਰਾਂ ਨੇ ਟੀਮ ਨੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਪ੍ਰਭਾਵਸ਼ਾਲੀ ਨੁਕਤੇ ਦੱਸੇ ਅਤੇ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਉੱਪਰ ਸਖਤ ਪਾਬੰਦੀ ਲਗਾਈ ਗਈ ਹੈ ਕਿਸਾਨ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਵਿੱਚ ਸਹਿਯੋਗ ਕਰਨ। ਸਬੰਧਤ ਇਲਾਕਿਆਂ ਦੇ ਕਿਸਾਨਾਂ ਨੂੰ ਟੀਮਾਂ ਵੱਲੋਂ ਜਾਗਰੂਕ ਕੀਤਾ ਗਿਆ ਕਿ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਅਸਲਾ ਲਾਇਸੰਸ ਧਾਰਕ ਕਿਸਾਨਾਂ ਦੇ ਅੱਗ ਲਗਾਉਣ ਤੇ ਅਸਲਾ ਲਾਇਸੰਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਸਰਕਾਰੀ ਕਰਮਚਾਰੀ ਆਪਣੇ ਖੇਤਾਂ ਵਿੱਚ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੰਬਰਦਾਰਾਂ ਵੱਲੋਂ ਆਪਣੇ ਖੇਤ ਵਿੱਚ ਪਰਾਲੀ ਜਲਾਉਣ ਉੱਪਰ ਉਨ੍ਹਾਂ ਦੀ ਨੰਬਰਦਾਰੀ ਰੱਦ ਕਰਨ ਦ ਆਦੇਸ਼ ਵੀ ਜਾਰੀ ਕੀਤੇ ਹੋਏ ਹਨ। ਉਕਤ ਸਾਰੇ ਆਦੇਸ਼ਾਂ ਬਾਰੇ ਖੇਤੀਬਾੜੀ ਟੀਮ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ।