ਫਰੀਦਕੋਟ ਜਿਲ੍ਹੇ ਤੋਂ 03 ਅਕਤੂਬਰ ਨੂੰ "ਸਾਡੇ ਬਜੁਰਗ ਸਾਡਾ ਮਾਣ" ਮੁਹਿੰਮ ਦੀ ਹੋਵੇਗੀ ਸ਼ੁਰੂਆਤ

  • ਕੈਬਨਿਟ ਮੰਤਰੀ ਬਲਜੀਤ ਕੌਰ ਬਜੁਰਗ ਵਿਅਕਤੀਆਂ ਦੇ ਸਨਮਾਨ ਲਈ ਕਰਨਗੇ ਮੁਹਿੰਮ ਦਾ ਆਗਾਜ਼
  • ਬਜੁਰਗ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ

ਫਰੀਦਕੋਟ 02 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ 2007 ਅਤੇ ਬਜ਼ੁਰਗ ਵਿਅਕਤੀਆਂ ਦੀ ਭਲਾਈ ਸਬੰਧੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆ ਹੋਰ ਸਕੀਮਾਂ ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਗੈਰ ਸਰਕਾਰੀ ਸੰਸਥਾ ਹੈਲਪੇਜ ਇੰਡੀਆ ਨਾਲ ਮਿਲਕੇ ਚਲਾਈ ਗਈ ''ਸਾਡੇ ਬਜੁਰਜ ਸਾਡਾ ਮਾਣ ਮੁਹਿੰਮ" ਸ਼ੁਰੂ ਕਰਨ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਇਸ ਮੁਹਿੰਮ ਦਾ ਆਗਾਜ਼ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਮਿਤੀ 03 ਅਕਤੂਬਰ ਨੂੰ ਕਰਨਗੇ। ਇਹ ਜਾਣਕਾਰੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਕਰਨ ਬਰਾੜ ਨੇ ਦਿੱਤੀ। ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਬਜ਼ੁਰਗ ਵਿਅਕਤੀਆਂ ਦੇ ਜਾਇਦਾਦ ਅਤੇ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਐਕਟ ਵਿੱਚ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਐਕਟ ਅਤੇ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 3 ਅਕਤੂਬਰ ਨੂੰ ਜਿਲ੍ਹੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਅਮਰ ਆਸ਼ਰਮ, ਨੇੜੇ ਅਮਰਦੀਪ ਸਿੰਘ ਬਾਸੀ ਚੌਂਕ ਸਰਕੂਲਰ ਰੋਡ ਫਰੀਦਕੋਟ ਵਿਖੇ ਸਵੇਰੇ 10.00 ਵਜੇ ਕੀਤਾ ਜਾਵੇਗਾ। ਜਿਸ ਵਿੱਚ ਬਜ਼ੁਰਗ ਨਾਗਰਿਕਾਂ ਦੀ ਜਾਂਚ ਅਤੇ ਬਲੱਡ ਟੈਸਟ, ਨੱਕ ਕੰਨ ਅਤੇ ਗਲੇ ਸਬੰਧੀ ਟੈਸਟ, ਅੱਖਾਂ ਦੇ ਟੈਸਟ, ਐਨਕਾਂ ਦੀ ਵੰਡ, ਅੱਖਾਂ ਦੇ ਅਪ੍ਰੇਸ਼ਨਾਂ ਲਈ ਲੋੜਵੰਦਾਂ ਦੀ ਪਹਿਚਾਣ, ਬੁਢਾਪਾ ਪੈਨਸ਼ਨ ਲਗਾਉਣ ਸਬੰਧੀ, ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਸਬੰਧੀ ਆਦਿ ਸੇਵਾਵਾਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਜਿਲ੍ਹੇ ਦੇ ਬਜੁਰਗ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ।