ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਡਾ. ਸੁਰਜੀਤ ਪਾਤਰ,ਪ੍ਰੋ. ਗੁਰਭਜਨ ਗਿੱਲ, ਤੇਜਪਰਤਾਪ ਸੰਧੂ ਤੇ ਰਣਜੋਧ ਸਿੰਘ ਵੱਲੋਂ  ਸਨਮਾਨਿਤ

ਲੁਧਿਆਣਾ, 10 ਜਨਵਰੀ : ਵਿਸ਼ਵ ਪ੍ਰਸਿੱਧ ਗੁਰਬਾਣੀ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਪੋਤਰੇ ਹਰਪ੍ਰਭ ਸਿੰਘ (ਸਪੁੱਤਰ ਪ੍ਰਭਜੋਤ ਕੌਰ ਤੇ ਜਸਪ੍ਰੀਤ ਸਿੰਘ) ਦੇ ਜਨਮ ਦੀ ਖ਼ੁਸ਼ੀ ਵਿੱਚ ਪ੍ਰਭੂ ਸ਼ੁਕਰਾਨੇ ਵਜੋਂ ਕੀਰਤਨ ਕਰਨ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਉਨ੍ਹਾਂ ਦੇ ਪ੍ਰਸ਼ੰਸਕਾਂ ਡਾਃ ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਤੇਜ ਪਰਤਾਪ ਸਿੰਘ ਸੰਧੂ ਤੇ ਰਣਜੋਧ ਸਿੰਘ ਪਰਿਵਾਰਾਂ ਨੇ ਭਾਈ ਸਾਹਿਬ ਹਰਜਿੰਦਰ ਸਿੰਘ ਪਰਿਵਾਰ ਨੂੰ ਰਣਜੋਧ ਸਿੰਘ ਵੱਲੋਂ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਧਾਰਮਿਕ ਸਚਿੱਤਰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾਃ ਸੁਰਜੀਤ ਪਾਤਰ ਤੇ ਭੁਪਿੰਦਰ ਕੌਰ ਪਾਤਰ, ਤੇਜ ਪਰਤਾਪ ਸਿੰਘ ਸੰਧੂ ਤੇ ਸਤਿਬੀਰ ਕੌਰ ਸੰਧੂ, ਰਣਜੋਧ ਸਿੰਘ ਤੇ ਰਾਜਿੰਦਰ ਕੌਰ , ਗੁਰਭਜਨ ਸਿੰਘ ਗਿੱਲ ਤੇ ਜਸਵਿੰਦਰ ਕੌਰ ਗਿੱਲ ਤੇ ਸੇਵਾ ਮੁਕਤ ਕਮਿਸ਼ਨਰ ਪੁਲੀਸ ਤੇ ਉੱਘੇ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਤੂਰ ਸੰਚਾਲਕ ਕਾਫ਼ਲਾ ਜੀਵੇ ਪੰਜਾਬ ਨੇ ਸੰਗਤੀ ਰੂਪ ਵਿੱਚ ਭਾਈ ਹਰਜਿੰਦਰ ਸਿੰਘ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ। ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ 40ਸਾਲ ਤੋਂ ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਪਰਿਵਾਰ ਨਾਲ ਸਾਡੀ ਸਭ ਦੀ ਸੰਘਰਸ਼ੀ ਸਾਂਝ ਹੈ। ਜ਼ਿੰਦਗੀ ਦੇ ਹਰ ਮੋੜ ਤੇ ਇਕੱਠੇ  ਤੁਰਦਿਆਂ ਸਾਡਾ ਸਭ ਦਾ ਸਫ਼ਰ ਮਹਿਕਦਾ ਰਿਹਾ ਹੈ। ਥੁੜਾਂ, ਤੰਗੀਆਂ ਤੋਂ ਤੁਰ ਕੇ ਵਿਸ਼ਵ ਪ੍ਰਸਿੱਧੀ ਹਾਸਲ ਕਰਨ ਤੀਕ ਭਾਈ ਸਾਹਿਬ ਦੇ ਵਿਹਾਰ, ਆਚਾਰ ਤੇ ਕਿਰਦਾਰ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਜਿਸ ਸਦਕਾ ਅੱਜ ਵੀ ਅਸੀਂ ਸਭ ਇਕੱਠੇ ਤੁਰ ਰਹੇ ਹਾਂ।