ਫੂਡ ਸੇਫਟੀ ਟੀਮ ਵੱਲੋ ਛਾਪੇਮਾਰੀ ਦੌਰਾਨ ਨਕਲੀ ਘਿਓ ਤੇ ਤੇਲ ਬਰਾਮਦ 

ਬਰਨਾਲਾ, 29 ਅਕਤੂਬਰ : ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ  ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ  ਸੀ.ਆਈ. ਏ. ਸਟਾਫ ਬਰਨਾਲਾ ਦੇ ਸਹਿਯੋਗ ਨਾਲ ਦੇਰ ਰਾਤ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ  ਪਿੰਡ ਢਿੱਲਵਾਂ  ਵਿਖੇ ਛਾਪੇਮਾਰੀ ਕੀਤੀ ਗਈ ਅਤੇ ਬਹੁਤ ਵੱਡੀ ਮਾਤਰਾ ਵਿੱਚ ਨਕਲੀ ਘਿਓ ਤੇ ਤੇਲ ਬਰਾਮਦ ਕੀਤਾ ਗਿਆ। ਫੂਡ ਸੇਫਟੀ ਟੀਮ ਬਰਨਾਲਾ ਜਿਸਦੀ ਅਗਵਾਈ ਡਾ. ਜਸਪ੍ਰੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਵੱਲੋ ਮੌਕੇ ‘ਤੇ ਅਲੱਗ ਅਲੱਗ ਚੀਜ਼ਾਂ ਦੇ 12 ਸੈਂਪਲ ਲਏ ਗਏ। ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋਂ ਭਰੇ ਗਏ ਸੈਂਪਲ ਅਗਲੇਰੀ ਕਾਰਵਾਈ ਲਈ ਟੈਸਟਿੰਗ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਗੋਦਾਮ ਵਿੱਚ ਮੌਜੂਦ ਨਕਲੀ ਤੇਲ ਤੇ ਘਿਓ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ, ਭੱਠੀਆ,ਗੈਸ ,ਨਾਪਤੋਲ ਲਈ ਕੰਢੇ,ਖਾਲੀ ਬੋਤਲਾਂ ਅਤੇ ਹੋਰ ਸਾਜੋ ਸਮਾਨ ਪੁਲਿਸ ਵੱਲੋਂ ਐੱਫ. ਆਈ. ਆਰ. ਦਰਜ ਕਰਕੇ ਜਬਤ ਕਰ ਲਿਆ ਗਿਆ ਹੈ। ਫੂਡ ਸੇਫਟੀ ਅਫ਼ਸਰ ਮੈਡਮ ਸੀਮਾ ਰਾਣੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਲਾਵਟੀ ਅਤੇ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਰਹੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾ ਸਕੇ ।