ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਸਾਰਿਆਂ ਦੇ ਸਹਿਯੋਗ ਦੀ ਲੋੜ : ਡਿਪਟੀ ਕਮਿਸ਼ਨਰ

  • ਕਿਹਾ, ਕਿਸਾਨ ਆਪਣੀ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ
  • ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪਰਾਲੀ ਨਾ ਸਾੜਨ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦਾ ਲਿਆ ਪ੍ਰਣ

ਫਾਜ਼ਿਲਕਾ 8 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਦੱਸਿਆ ਕਿ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਜ਼ਿਲ੍ਹੇ ਦੇ ਕਿਸਾਨ ਆਪਣਾ ਸਹਿਯੋਗ ਦੇਣ ਅਤੇ ਇਸ ਸਾਲ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਵਾਹੁਣ।  ਪੰਜਾਬ ਸਰਕਾਰ ਵੱਲੋਂ ਪਰਾਲੀ ਖੇਤਾਂ ਵਿੱਚ ਵਾਹੁਣ ਵਾਲੇ ਸੰਦਾਂ ਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਜ਼ਿਲ੍ਹੇ ਦੇ ਕਿਸਾਨ ਇਸ ਸਕੀਮ ਦਾ ਲਾਹਾ ਲੈ ਕੇ ਪਰਾਲੀ ਜਮੀਨ ਵਿੱਚ ਵਾਹ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਖੇਤੀ ਕਰਨ ਵਾਲੇ ਪਿੰਡਾਂ ਦੇ ਸਕੂਲਾਂ ਵਿੱਚ ਚਾਰ-ਚਾਰ ਵਿਦਿਆਰਥੀਆਂ ਨੂੰ ਵਾਤਾਵਰਨ ਮਿੱਤਰ ਬਣਾਇਆ ਗਿਆ ਹੈ ਜੋ ਪਿੰਡ ਵਾਸੀਆਂ ਅਤੇ ਲੋਕਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਲੋਕਾਂ ਵਿੱਚ ਫੈਲਾਉਣ ਦਾ ਪ੍ਰਣ ਲਿਆ ਜਾ ਰਿਹਾ ਹੈ ਅਤੇ ਇਸੇ ਕੜੀ ਤਹਿਤ ਹੀ ਅੱਜ ਜ਼ਿਲ੍ਹੇ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਕੇਰਾ ਖੇੜਾ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਰਾਮਸਰਾ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਬੱਘੇ ਕੇ ਉਤਾੜ, ਸਰਕਾਰੀ ਹਾਈ ਸਕੂਲ ਮੁਹਾਰ ਸੋਨਾ, ਸਰਕਾਰੀ ਮਾਡਲ ਸਕੂਲ ਢਾਣੀ ਕਰਨੈਲ ਸਿੰਘ, ਸਰਕਾਰੀ ਮਾਡਲ ਸਕੂਲ ਪੀਰ ਬਖਸ ਚੌਹਾਨ, ਸਰਕਾਰੀ ਮਾਡਲ ਸਕੂਲ ਤਾਰੇਵਾਲਾ,ਸਰਕਾਰੀ ਹਾਈ ਸਕੂਲ ਹੀਰਾਵਾਲੀ, ਸਰਕਾਰੀ ਹਾਈ ਸਕੂਲ ਕਟੇਹਰਾ, ਸਰਕਾਰੀ ਹਾਈ ਸਕੂਲ ਬੰਦੀਵਾਲਾ, ਸਰਕਾਰੀ ਮਾਡਲ ਸਕੂਲ ਚੱਕ ਬੰਦੀਵਾਲਾ, ਸਰਕਾਰੀ ਮਾਡਲ ਸਕੂਲ ਚੱਕ ਖੇੜੇ ਵਾਲਾ, ਸਰਕਾਰੀ ਮਾਡਲ ਟਾਹਲੀਵਾਲਾ ਜੱਟਾ, ਸਰਕਾਰੀ ਮਿਡਲ ਸਕੂਲ ਜੌੜਕੀ ਕੰਕਰਵਾਲੀ, ਸਰਕਾਰੀ ਮਿਡਲ ਸਕੂਲ ਢਾਣੀ ਮੰਡਲਾ, ਸਰਕਾਰੀ ਹਾਈ ਸਕੂਲ ਕਾਂਵਾ ਵਾਲੀ, ਸਰਕਾਰੀ ਮਿਡਲ ਸਕੂਲ ਢਾਣੀ ਹੀਰਾਂਵਾਲੀ, ਸਰਕਾਰੀ ਹਾਈ ਸਕੂਲ ਹੀਰਾਂਵਾਲੀ ਅਤੇ ਸਰਕਾਰੀ ਹਾਈ ਸਕੂਲ ਕੇਰੀਆ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਜਿੱਥੇ ਪਰਾਲੀ ਨਾ ਸਾੜਨ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦਾ ਪ੍ਰਣ ਲਿਆ ਉੱਥੇ ਹੀ ਪਰਾਲੀ ਨਾ ਜਲਾਉਣ ਬਾਰੇ ਜਾਗਰੂਕਤਾ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਦੇ ਮੁਕਾਬਲੇ ਵੀ ਕੀਤੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਨੂੰ ਸਾਫ ਸੁਥਰਾ ਅਤੇ ਬਿਮਾਰੀ ਮੁਕਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਸਾਡੀਆਂ ਆਉਣ ਵਾਲੀਆਂ ਨੂੰ ਜੀਵਤ ਰਹਿਤ ਵਾਤਾਵਰਨ ਮਿਲੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦੀ ਉੱਪਰਲੀ ਤਹਿ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਅਤੇ ਅਨੇਕਾਂ ਹੀ ਧਰਤੀ ਨੂੰ ਉਪਜਾਊ ਬਣਾਉਣ ਵਾਲੇ ਜੀਵ ਜੰਤੂਆਂ ਦਾ ਨਾਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਵਿੱਚ ਤਪਸ ਵੀ ਵੱਧਦੀ ਹੈ ਅਤੇ ਅਨੇਕਾਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਪਰ ਜੇਕਰ ਕਿਸਾਨ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਹੀ ਵਾਹੁਣਗੇ ਤਾਂ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ।