ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਚੇਅਰਮੈਨ ਦੇ ਘਰ ਦਾ ਕੀਤਾ ਘਿਰਾਓ

  • ਕਿਹਾ! ਸਰਕਾਰ ਜਾਂ ਬੈਂਕ ਮੈਨੇਜਮੈਂਟ ਬਾਂਹ ਫੜਨ ਲਈ ਤਿਆਰ ਨਹੀਂ ਹੈ?

ਮੁੱਲਾਂਪੁਰ ਦਾਖਾ, 15 ਨਵੰਬਰ (ਸਤਵਿੰਦਰ  ਸਿੰਘ ਗਿੱਲ) : ਪੰਜਾਬ ਦੇ ਕਿਸਾਨਾਂ ਦੀ ਔਖੇ ਸਮੇਂ ਬਾਂਹ ਫੜਨ ਵਾਲੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਤ ਦੇ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਦੀ ਪੂਰਤੀ ਪ੍ਰਤੀ ਸਰਕਾਰ ਜਾਂ ਬੈਂਕ ਮੈਨੇਜਮੈਂਟ ਬਾਂਹ ਫੜਨ ਲਈ ਤਿਆਰ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੈਂਡ ਮਾਰਗੇਜ ਬੈਂਕਸ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਧਰਮਿੰਦਰ ਸਿੰਘ ਸੰਧੂ, ਕਾਰਜਕਾਰੀ ਸੀਨੀਅਰ ਮੀਤ ਪ੍ਰਧਾਨ ਮਨਦੀਪ ਕੌਰ ਅਤੇ ਵਿੱਤ ਸਕੱਤਰ ਵਿਸ਼ਵਦੀਪ ਸਿੰਘ ਨੇ ਸ਼ਾਂਝੇ ਤੌਰ ’ਤੇ ਸਥਾਨਕ ਕਸਬੇ ਅੰਦਰ  ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਕੁਮਾਰ ਨਿੱਕੂ ਗੋਇਲ ਦੇ ਘਰ ਦਾ ਘਿਰਾਓ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਮੁਲਾਜਮ ਵਰਗ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਅਤੇ ਬੈਂਕ ਮੈਨੇਜਮੈਂਟ ਦੀਆਂ ਟਾਲ ਮਟੋਲ ਵਾਲੀਆਂ ਨੀਤੀਆਂ ਕਾਰਨ ਕਰਮਚਾਰੀਆਂ ਨੂੰ ਪਿਛਲੇ ਦੋ ਸਾਲਾਂ ਤੋਂ ਆਪਣੀਆਂ ਜਾਇਜ ਮੰਗਾਂ ਲਈ ਸਿਰਫ ਲਾਰਿਆਂ ਤੋਂ ਸਿਵਾ ਹੋਰ ਕੁਝ ਪ੍ਰਾਪਤ ਨਹੀਂ ਹੋਇਆ ਹੈ। ਸੂਬਾਈ ਪ੍ਰਧਾਨ ਗਿੱਲ ਨੇ ਅੱਗੇ ਦੱਸਿਆ ਕਿ 08 ਨਵੰਬਰ ਤੋਂ ਕਰਮਚਾਰੀਆਂ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਸਮੇਤ ਆਪਣੀਆਂ ਹੋਰ ਮੰਗਾਂ ਲਈ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਪੰਜਾਬ ਭਰ ਵਿੱਚ ਮੁੱਖ ਦਫਤਰ, ਚੰਡੀਗੜ੍ਹ ਸਮੇਤ ਸਮੂਹ ਮੁਲਾਜ਼ਮਾਂ ਵੱਲੋਂ ਤਰਵਾਂ ਹੁੰਗਾਰਾ ਮਿਲਿਆ ਅਤੇ ਬੈਂਕ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ। 09 ਨਵੰਬਰ ਨੂੰ ਵੀ ਸਮੂਹ ਮੁਲਾਜਮਾ ਵੱਲੋਂ ਬੈਂਕ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਕਲਮ ਛੋੜ ਹੜਤਾਲ ਨੂੰ ਸਫਲ ਬਣਾਇਆ ਗਿਆ। ਇਸੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਮਿਤੀ 10.11.2023 ਨੂੰ ਪੰਜਾਬ ਰਾਜ ਦੀਆਂ ਸਮੂਹ 89 ਪੀ.ਏ.ਡੀ.ਬੀਜ ਅਤੇ ਐਸ.ਏ.ਡੀ.ਬੀ., ਚੰਡੀਗੜ੍ਹ ਦੇ ਸਮੂਹ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਮੁੱਖ ਦਫਤਰ, ਐਸਸੀਓ 51-54, ਬੈਂਕ ਸਕੁਏਅਰ, ਸੈਕਟਰ 17-ਬੀ, ਚੰਡੀਗੜ੍ਹ ਅਤੇ ਦਫਤਰ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ (ਚੰਡੀਗੜ੍ਹ) ਵਿਖੇ ਰਾਜ ਪੱਧਰੀ ਰੋਸ ਧਰਨਾ ਦਿੱਤਾ ਗਿਆ। ਯੂਨੀਅਨ ਦੇ ਪਹਿਲੇ ਤੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਮਿਤੀ 14.11.2023 ਨੂੰ ਵੀ ਕਲਮ ਛੋੜ ਹੜਤਾਲ ਜਾਰੀ ਰਹੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਸਮੂਹਿਕ ਵਰਗ ਨੇ ਛੁੱਟੀ ਲੈ ਕੇ ਚੇਅਰਮੈਨ ਗੋਇਲ ਦੇ ਘਰ ਦਾ ਘਿਰਾਓ ਕਰਕੇ ਰਾਜ ਪੱਧਰੀ ਰੋਸ ਧਰਨਾ ਦਿੱਤਾ ਤਾਂ ਜੋ ਇਨ੍ਹਾਂ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਜਿਕਰਯੋਗ ਹੈ ਕਿ ਪੰਜਾਬ ਰਾਜ ਦੇ ਤਕਰੀਬਨ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੂੰ ਛੇਵੇਂ ਪੇ-ਕਮਿਸ਼ਨ ਦਾ ਲਾਭ ਮਿਲ ਚੁੱਕਾ ਹੈ ਪਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਤ ਹੀ ਇੱਕ ਅਜਿਹਾ ਅਵਾਰਾ ਹੈ ਜਿਸਦੇ ਕਰਮਚਾਰੀ ਪੇ-ਕਮਿਸ਼ਨ ਦਾ ਲਾਭ ਲੈਣ ਤੋਂ ਵਾਂਝੇ ਹਨ ਕਿਉਂਕਿ ਸਰਕਾਰ ਅਤੇ ਬੈਂਕ ਮੈਨੇਜਮੈਂਟ ਵੱਲੋਂ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ ਜਿਸ ਕਾਰਨ ਕਰਮਚਾਰੀਆਂ ਨੂੰ ਚੱਲ ਰਹੇ ਰਿਕਵਰੀ ਸੀਜ਼ਨ ਦੌਰਾਨ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਕਤ ਆਗੂਆਂ ਨੇ ਜਿੱਥੇ ਸਮੂਹਿਕ ਮੁਲਾਜਮ ਵਰਗ ਮਰਦ/ਔਰਤਾਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ  ਕਲਮ ਛੋੜ ਹੜਤਾਲ ਨੂੰੰ ਸਫਲ ਬਣਾਉਣ ਲਈ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹੋਏ ਅਗਲੇਰੇ ਸੰਘਰਸ਼ ਲਈ ਤਿਆਰ ਰਹਿਣ । 

ਚੇਅਰਮੈਨ ਗੋਇਲ ਨੇ ਦਿਵਾਇਆ ਵਿਸ਼ਵਾਸ 
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਸਮੂਹ ਮੁਲਾਜਮ ਵਰਗ ਤੋਂ ਮੰਗ ਪੱਤਰ ਲੈਣ ਸਮੇਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਇਜ ਠਹਿਰਾਉਦਿਆ ਸੁਰੇਸ਼ ਕੁਮਾਰ ਨਿੱਕੂ ਗੋਇਲ ਨੇ ਕਿਹਾ ਕਿ ਉਹ ਇਸ ਸਬੰਧੀ ਮਾਣਯੋਗ ਮੁੱਖ ਮੰਤਰੀ ਮਾਨ ਨਾਲ ਗੱਲਬਾਤ ਕਰਨਗੇ, ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਦੀ ਮੰਗਾਂ ਪ੍ਰਤੀ ਅਮਲੀਜਾਮਾ ਪਹਿਨਾ ਕੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ।