ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਰਾਜ ਪੱਧਰ ਖੇਡਾਂ ਦੌਰਾਨ ਵਾਲੀਬਾਲ ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਜਾਰੀ

ਫਰੀਦਕੋਟ 21 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਅਧੀਨ ਰਾਜ ਪੱਧਰ ਖੇਡਾਂ-2023 (ਵਾਲੀਬਾਲ ਸਮੈਸ਼ਿੰਗ) ਲੜਕੇ ਅਤੇ ਲੜਕੀਆਂ ਪਿਛਲੇ ਚਾਰ ਦਿਨਾਂ ਤੋਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਚੱਲ ਰਹੀਆਂ ਹਨ। ਇਸ ਮੌਕੇ ਸ. ਬਲਜਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਵਾਲੀਬਾਲ (ਸਮੈਸ਼ਿੰਗ) ਦੇ ਇਹ ਖੇਡ ਮੁਕਾਬਲੇ ਅੰਡਰ 14, ਅੰਡਰ 17, ਅੰਡਰ 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਅਤੇ 65 ਤੋਂ ਉੱਪਰ ਦੇ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਅੱਜ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ 21 ਤੋਂ 30 ਉਮਰ ਵਰਗ ਵਿੱਚ ਲੁਧਿਆਣਾ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਹਰਾਇਆ। ਜਲੰਧਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾਇਆ। ਨਵਾਂਸ਼ਹਿਰ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ ਹਰਾਇਆ ਅਤੇ ਤਰਨਤਾਰਨ ਦੀ ਟੀਮ ਨੇ ਮੁਹਾਲੀ ਦੀ ਟੀਮ ਨੂੰ ਹਰਾਇਆ। ਇਸ ਤਰ੍ਹਾਂ ਲੁਧਿਆਣਾ ਅਤੇ ਜਲੰਧਰ ਦੇ ਸੈਮੀਫਾਈਨਲ ਮੁਕਾਬਲੇ ਵਿਚੋਂ ਲੁਧਿਆਣਾ ਜੇਤੂ ਰਿਹਾ ਅਤੇ ਨਵਾਂ ਸ਼ਹਿਰ ਅਤੇ ਤਰਨਤਾਰਨ ਦੇ ਸੈਮੀਫਾਈਨਲ ਮੈਚ ਵਿਚੋਂ ਤਰਨਤਾਰਨ ਜੇਤੂ ਰਿਹਾ, ਇਸ ਉਮਰ ਵਰਗ ਦਾ ਕੱਲ੍ਹ ਫਾਈਨਲ ਮੈਚ ਲੁਧਿਆਣਾ ਅਤੇ ਤਰਨਤਾਰਨ ਵਿਚਕਾਰ ਖੇਡਿਆ ਜਾਵੇਗਾ। ਅੰਡਰ 17 ਦੇ ਖੇਡ ਮੁਕਾਬਲਿਆਂ ਵਿੱਚ ਮੁਹਾਲੀ ਅਤੇ ਗੁਰਦਾਸਪੁਰ ਦੇ ਮੈਚ ਵਿਚ ਮੋਹਾਲੀ ਜੇਤੂ ਰਿਹਾ।