ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਰੁੱਖਾਂ ਦੀ ਘਾਟ ਹੋਈ ਮਹਿਸੂਸ : ਸਪੀਕਰ ਸੰਧਵਾਂ

  • ਵੱਖ-ਵੱਖ ਕਿਸਮ ਦੇ ਰਵਾਇਤੀ ਬੂਟੇ ਲਾ ਕੇ ਵਾਤਾਵਰਣ ਦੀ ਸੰਭਾਲ ਦਾ ਦਿੱਤਾ ਸੁਨੇਹਾ

ਕੋਟਕਪੂਰਾ, 28 ਅਗਸਤ : ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਜਦੋਂ ਆਕਸੀਜਨ ਦੀ ਘਾਟ ਦਿੱਸੀ ਤਾਂ ਸਾਨੂੰ ਰੁੱਖਾਂ ਦੀ ਮਹੱਤਤਾ ਦਾ ਪਤਾ ਲੱਗਿਆ, ਜੇਕਰ ਅਸੀਂ ਅਜੇ ਵੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ। ਸਥਾਨਕ ਡੀ.ਐਸ.ਪੀ. ਦਫ਼ਤਰ ਨੇੜੇ ਵੱਖ ਵੱਖ ਰਵਾਇਤੀ ਕਿਸਮ ਦੇ ਬੂਟੇ ਲਾਉਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਉਥੇ ਜੰਗਲਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਆਖਿਆ ਕਿ ਇੱਕ ਇੱਕ ਬੂਟੇ ਦੀ ਸੰਭਾਲ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਇੱਕ ਦਰਖਤ ਸਾਨੂੰ 50 ਲੱਖ ਰੁਪਏ ਤੋਂ ਵੀ ਜਿਆਦਾ ਕੀਮਤ ਦੀ ਆਕਸੀਜ਼ਨ ਮੁਹੱਈਆ ਕਰਵਾਉਂਦਾ ਹੈ। ਕਿਉਂਕਿ ਕੋਵਿਡ ਦੀ ਕਰੌਪੀ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਪੜਨ ਸੁਨਣ ਨੂੰ ਮਿਲੀਆਂ, ਜਦੋਂ ਇੱਕ ਇੱਕ ਕਰੋੜ ਰੁਪਿਆ ਇੱਕ ਆਕਸੀਜ਼ਨ ਦੇ ਸਿਲੰਡਰ ਬਦਲੇ ਦੇਣ ਲਈ ਲੋਕ ਕਤਾਰਾਂ ਵਿੱਚ ਖੜੇ ਸਨ, ਜਿਸ ਨੂੰ ਕਰੋੜ ਰੁਪਿਆ ਖਰਚ ਕੇ ਵੀ ਸਿਲੰਡਰ ਨਹੀਂ ਮਿਲਿਆ, ਉਹ ਵਿਚਾਰਾ ਸਦੀਵੀ ਵਿਛੋੜਾ ਦੇ ਗਿਆ, ਜੇਕਰ ਅਸੀਂ ਕੁਦਰਤ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ ਅਰਥਾਤ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਭਿਆਨਕ ਬੀਮਾਰੀਆਂ ਵਰਗੀ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਸਪੀਕਰ ਸੰਧਵਾਂ ਨੇ ਇੱਕ ਇੱਕ ਬੂਟਾ ਸਮਸ਼ੇਰ ਸਿੰਘ ਸ਼ੇਰਗਿੱਲ, ਡੀ.ਐਸ.ਪੀ. ਕੋਟਕਪੂਰਾ, ਪਲਵਿੰਦਰ ਸਿੰਘ ਸੰਧੂ ਡੀ.ਐਸ.ਪੀ. (ਡੀ.) ਫਰੀਦਕੋਟ, ਸਤਿੰਦਰ ਸਿੰਘ ਵਣ ਮੰਡਲ ਅਫ਼ਸਰ ਫਿਰੋਜ਼ਪੁਰ, ਪੱਪੂ ਲਹੋਰੀਆ ਚੇਅਰਮੈਨ, ਗੁਰਿੰਦਰ ਸਿੰਘ ਮਹਿੰਦੀਰੱਤਾ ਸਰਪ੍ਰਸਤ ਅਤੇ ਪੱਪੂ ਨੰਬਰਦਾਰ ਸਰਗਰਮ ਮੈਂਬਰ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਤੋਂ ਵੀ ਲੁਆਇਆ। ਵਣ ਮੰਡਲ ਅਫ਼ਸਰ ਸਤਿੰਦਰ ਸਿੰਘ ਨੇ ਆਖਿਆ ਕਿ ਹਰ ਤਰਾਂ ਦੇ ਫੱਲਦਾਰ, ਫੁੱਲਦਾਰ ਅਤੇ ਛਾਂਦਾਰ ਬੁਟਿਆਂ ਸਮੇਤ ਹਰ ਤਰਾਂ ਦੀ ਜਾਣਕਾਰੀ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਮੁਹਈਆ ਕਰਵਾਈ ਜਾਂਦੀ ਹੈ। ਉਨਾਂ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਕਤ ਬੁਟਿਆਂ ਦੀ ਸੰਭਾਲ ਲਈ ਗੁੱਡ ਮੋਰਨਿੰਗ ਕਲੱਬ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਕਰਨਗੇ।