ਡੀਐਸਪੀ ਗਮਦੂਰ ਸਿੰਘ ਚਹਿਲ ਨੇ ਵਧਾਇਆ ਬਰਨਾਲਾ ਪੁਲਿਸ ਦਾ ਮਾਣ

  • ਸੂਬਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਟਪੁੱਟ 'ਚ ਜਿੱਤਿਆ ਚਾਂਦੀ ਦਾ ਤਗ਼ਮਾ

ਬਰਨਾਲਾ, 21 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ- ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ 2023' ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਡੀ ਐਸ ਪੀ (ਡੀ) ਬਰਨਾਲਾ ਸ. ਗਮਦੂਰ ਸਿੰਘ ਚਹਿਲ ਨੇ ਸ਼ਾਟਪੁੱਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 'ਖੇਡਾਂ ਵਤਨ ਪੰਜਾਬ 2023' ਦੇ ਸ਼ਾਟਪੁੱਟ ਦੇ ਸੂਬਾ ਪੱਧਰੀ ਮੁਕਾਬਲੇ ਜਲੰਧਰ ਵਿਖੇ ਕਰਵਾਏ ਗਏ, ਜਿਨ੍ਹਾਂ ਵਿੱਚ 56 ਤੋਂ 65 ਸਾਲ ਉਮਰ ਵਰਗ ਵਿੱਚ ਬਰਨਾਲਾ ਪੁਲਿਸ ਦਾ ਮਾਣ ਵਧਾਉਂਦੇ ਹੋਏ ਡੀ ਐਸ ਪੀ (ਡੀ) ਬਰਨਾਲਾ ਸ. ਗਮਦੂਰ ਸਿੰਘ ਚਹਿਲ ਨੇ ਅੱਜ ਦੂਜਾ ਸਥਾਨ ਹਾਸਲ ਕੀਤਾ ਹੈ।  ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਇਸ ਪ੍ਰਾਪਤੀ 'ਤੇ ਡੀ ਐਸ ਪੀ (ਡੀ) ਸ. ਗਮਦੂਰ ਸਿੰਘ ਚਹਿਲ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸ. ਚਹਿਲ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਕਰਾਉਣ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਤੇ ਉਨ੍ਹਾਂ ਦਾ ਵੀ ਇਹੀ ਮਕਸਦ ਹੈ ਨੌਜਵਾਨਾਂ ਤੱਕ ਇਨ੍ਹਾਂ ਗਤੀਵਿਧੀਆਂ ਰਾਹੀਂ ਉਦਾਹਰਨ ਪੇਸ਼ ਕਰ ਸਕਣ ਤਾਂ ਜੋ ਸਾਡੀ ਨੌਜਵਾਨੀ ਨਸ਼ਿਆਂ ਤੋਂ ਦੂਰ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 'ਖੇਡਾਂ ਵਤਨ ਪੰਜਾਬ ਦੀਆਂ' ਦੇ ਰਾਜ ਪੱਧਰੀ ਮੁਕਾਬਲਿਆਂ 'ਚ ਡੀ ਐਸ ਪੀ ਗਮਦੂਰ ਸਿੰਘ ਚਹਿਲ ਨੇ ਦੋ ਤਗਮੇ ਹਾਸਿਲ ਕੀਤੇ ਸਨ। ਇਸ ਤੋਂ ਇਲਾਵਾ ਉਹ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ।