ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਕਿਤਾਬ ''ਖੇਤਾਂ ਵਿੱਚ ਰੁੱਖ ਕਿਉਂ ਅਤੇ ਕਿਵੇਂ'' ਲੋਕ ਅਰਪਣ

  • ਮੋਗਾ ਵਿਖੇ ਹੋਏ ਸਮਾਗਮ ਵਿੱਚ ਡੀ.ਸੀ. ਮੋਗਾ ਕੁਲਵੰਤ ਸਿੰਘ, ਸੀਨੀਅਰ ਪੁਲਿਸ ਅਧਿਕਾਰੀ ਅਵਨੀਤ ਕੌਰ ਸਿੱਧੂ ਨੇ ਵੀ ਕੀਤੀ ਵਿਸ਼ੇਸ਼ ਸ਼ਿਰਕਤ
  • ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਤੇ ਸਮੂਹ ਅਧਿਕਾਰੀਆਂ ਨੇ ਕੀਤੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਉੱਦਮ ਦੀ ਸ਼ਲਾਘਾ

ਮੋਗਾ, 11 ਅਗਸਤ : ਅੱਜ ਡਿਪਟੀ ਕਮਿਸ਼ਨਰ ਮੋਗਾ ਮੀਟਿੰਗ ਹਾਲ ਵਿਖੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਵੱਲੋਂ ਲਿਖੀ ਗਈ ਕਿਤਾਬ ''ਖੇਤਾਂ ਵਿੱਚ ਰੁੱਖ ਕਿਉਂ ਅਤੇ ਕਿਵੇਂ'' ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਲਈ ਮੋਗਾ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸੀਨੀਅਰ ਪੁਲਿਸ ਅਧਿਕਾਰੀ ਅਵਨੀਤ ਕੌਰ ਸਿੱਧੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ. ਪ੍ਰਭੀਦਪ ਸਿੰਘ ਨੱਥੋਵਾਲ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਮੁਖੀ ਅਤੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਸਮਾਗਮ ਵਿੱਚ ਮੌਜੂਦ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਸਮੇਤ ਸਮੂਹ ਉੱਚ ਅਧਿਕਾਰੀਆਂ  ਵੱਲੋਂ ਵਾਤਾਵਰਨ ਅਤੇ ਰੁੱਖਾਂ ਦੀ ਸੰਭਾਲ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਡਿਪਟੀ ਕਮਿਮਸ਼ਨਰ ਨੇ ਦੱਸਿਆ ਕਿ ਰੁੱਖਾਂ ਨੂੰ ਪਿਆਰ ਕਰਨ ਵਾਲੇ ਅਸਲੀ ਵਾਤਾਵਰਨ ਪ੍ਰੇਮੀ ਹੁੰਦੇ ਹਨ।ਸਮੂਹ ਹਾਜ਼ਰੀਨ ਵਾਂਗ ਡਿਪਟੀ ਕਮਿਸ਼ਨਰ ਨੇ ਵੀ ਡਾ. ਬਲਵਿੰਦਰ ਸਿੰਘ ਦੀ ਇਸ ਰਚਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਕਿਉਂਕਿ ਉਹ ਵਾਤਾਵਰਨ ਸੁਧਾਰ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਖੇਤਾਂ ਵਿੱਚ ਰੁੱਖ ਲਗਾਉਣ ਵਾਲਿਆਂ ਦੇ ਹਰ ਇੱਕ ਸਵਾਲ ਦਾ ਜਵਾਬ ਦੇ ਸਕੇਗੀ ਅਤੇ ਉਨ੍ਹਾਂ ਵਿੱਚ ਇੱਕ ਵੱਖਰੀ ਚੇਤਨਤਾ ਪੈਦਾ ਕਰੇਗੀ। ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਵੀ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਭ ਤੋਂ ਵੱਧ ਦਿਲਚਸਪ ਅਤੇ ਵਾਤਾਵਰਨ ਅਨੁਕੂਲ ਗਤੀਵਿਧੀਆਂ ਵਿੱਚ ਆਉਂਦਾ ਹੈ। ਰੁੱਖ ਲੰਬੇ ਸਮੇਂ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਕੁੰਜੀ ਹਨ ਕਿਉਂਕਿ ਇਹ ਆਕਸੀਜਨ ਪ੍ਰਦਾਨ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ, ਜਲਵਾਯੂ ਸੁਧਾਰ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ ਆਦਿ ਲਈ ਜਿੰਮੇਵਾਰ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਅਜੋਕੇ ਹਾਲਾਤਾਂ ਵਿੱਚ ਰੁੱਖ ਲਗਾਉਣੇ ਬਹੁਤ ਜਰੂਰੀ ਹਨ।ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਉਨੇ ਹੀ ਜਰੂਰੀ ਹਨ ਜਿੰਨੇ ਕਿ ਸਾਡੇ ਲਈ ਸਾਹ ਜਰੂਰੀ ਹਨ। ਦਰੱਖਤਾਂ ਦਾ ਮਾਨਵ ਜਾਤੀ ਲਈ ਹੀ ਨਹੀਂ ਸਗੋਂ ਸਾਰੇ ਜੀਵ ਪ੍ਰਾਣੀਆਂ 'ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਧਰਤੀ 'ਤੇ ਰੁੱਖਾਂ ਦੀ ਗਿਣਤੀ ਘਟਾਉਣ ਨਾਲ ਜੁੜੇ ਮੁੱਦੇ ਨੂੰ ਜਾਣਨ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਵਿਚ ਵਧੇਰੇ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਸਾਨੂੰ ਹਮੇਸ਼ਾਂ ਸਰਗਰਮ ਰਹਿਣਾ ਚਾਹੀਦਾ ਹੈ ਅਤੇ ਧਰਤੀ 'ਤੇ ਹਰੇ ਸੋਨੇ ਦੀ ਮੌਜੂਦਗੀ ਦੇ ਸੰਬੰਧ ਵਿਚ ਆਪਣੀਆਂ ਅੱਖਾਂ ਨੂੰ ਖੁੱਲ੍ਹੀਆਂ ਰੱਖਣਾ ਚਾਹੀਦਾ ਹੈ।  ਇਸ ਸੀਨੀਅਰ ਪੁਲਿਸ ਅਧਿਕਾਰੀ ਅਵਨੀਤ ਕੌਰ ਸਿੱਧੂ ਨੇ ਵੀ ਆਪਦੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਪਣੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਰੁੱਖਾਂ ਦੀ ਸੰਭਾਲ ਕਰਨ, ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਖੇਤਰ ਵਿੱਚ ਆਪਣਾ ਨਿੱਜੀ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਇਸੇ ਲਈ ਹੀ ਉਹ ਅੱਜ ਸਪੈਸ਼ਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਹਨ।
ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਦੱਸਿਆ ਕਿ ਵੱਧ ਤੋਂ ਵੱਧ ਰੁੱਖ ਲਗਾਉਣਾ, ਉਨ੍ਹਾਂ ਦੀ ਸਾਂਭ ਸੰਭਾਲ ਦੇ ਖੇਤਰ ਵਿੱਚ ਉਹ ਅਤੇ ਉਸਦੇ ਜਿੰਨ੍ਹੇ ਵੀ ਸਮੱਰਥਕ ਹਨ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਵਾਤਾਵਰਨ ਪੱਖੀ ਗਤੀਵਿਧੀਆਂ ਹਮੇਸ਼ਾ ਹੀ ਚਾਲੂ ਹਾਲਤ ਵਿੱਚ ਰੱਖੀਆਂ ਜਾਣਗੀਆਂ।