ਬਠਿੰਡਾ, 27 ਅਪ੍ਰੈਲ : ਸੀਪੀਆਈ (ਐਮ.ਐਲ) ਲਿਬਰੇਸ਼ਨ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਤਕਰੀਬਨ ਦਰਜਨਾਂ ਆਗੂਆਂ ਨੇ ਪਾਰਟੀ ਦੇ ਤਮਾਮ ਅਹੁਦਿਆਂ ਤੋਂ ਸਮੂਹਿਕ ਅਸਤੀਫ਼ੇ ਦੇ ਦਿੱਤੇ ਹਨ। ਅਸਤੀਫਾ ਦੇਣ ਵਾਲੇ ਆਗੂਆਂ ਦਾ ਪ੍ਰਤੀਕਰਮ ਹੈ ਕਿ ਉਹਨਾਂ ਨੇ ਸੂਬਾਈ ਲੀਡਰਸ਼ਿਪ ਅਤੇ ਕੇਂਦਰੀ ਇੰਚਾਰਜ ਦੇ ਕਥਿਤ ਦਲਿਤ ਵਿਰੋਧੀ ਰਵਾਈਏ ਤੋਂ ਦੁਖੀ ਹੋ ਕੇ ਏਨਾ ਵੱਡਾ ਕਦਮ ਚੁੱਕਿਆ ਹੈ। ਅੱਜ ਇਨ੍ਹਾਂ ਆਗੂਆਂ ਨੇ ਬਠਿੰਡਾ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਸਤੀਫਿਆਂ ਦਾ ਖੁਲਾਸਾ ਕੀਤਾ ਹੈ। ਅਸਤੀਫਾ ਦੇਣ ਵਾਲਿਆਂ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾਈ ਖ਼ਜ਼ਾਨਚੀ ਮੱਖਣ ਸਿੰਘ ਰਾਮਗੜ੍ਹ, ਮਾਨਸਾ ਜ਼ਿਲ੍ਹਾ ਦੇ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ, ਬਰਨਾਲਾ ਜ਼ਿਲਾ ਦੇ ਸਕੱਤਰ ਸ਼ਿੰਗਾਰਾ ਸਿੰਘ ਚੌਹਾਨਕੇ, ਫਰੀਦਕੋਟ ਜ਼ਿਲ੍ਹਾ ਦੇ ਪ੍ਰਧਾਨ ਸਤਨਾਮ ਸਿੰਘ ਪੱਖੀ, ਫਿਰੋਜ਼ਪੁਰ ਜ਼ਿਲਾ ਦੇ ਪ੍ਰਧਾਨ ਪਰਮਜੀਤ ਕੌਰ ਮੁੱਦਕੀ, ਮਲੇਰਕੋਟਲਾ ਜ਼ਿਲ੍ਹੇ ਦੇ ਪ੍ਰਧਾਨ ਤਾਇਬਾ ਬੇਗਮ, ਹੁਸ਼ਿਆਰਪੁਰ ਦੇ ਜ਼ਿਲ੍ਹਾ ਦੇ ਪ੍ਰਧਾਨ ਕੁਲਵਿੰਦਰ ਕੌਰ ਦਸੂਹਾ ਸ਼ਾਮਲ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਮਜ਼ਦੂਰ ਆਗੂ ਨੇ ਕਿਹਾ ਕਿ ਭਾਵੇਂ ਪਾਰਟੀ ਦੀ ਵਿਚਾਰਧਾਰਾ ਨਾਲ ਸਾਡਾ ਕੋਈ ਮੱਤਭੇਦ ਨਹੀ ਹੈ ਪਰ ਸੀਪੀਆਈ (ਐਮ.ਐਲ) ਲਿਬਰੇਸ਼ਨ ਦੀ ਧਨਾਂਢ ਸੂਬਾਈ ਲੀਡਰਸ਼ਿਪ ਦੀ ਦਲਿਤ ਅਤੇ ਮਜ਼ਦੂਰ ਵਿਰੋਧੀ ਪਹੁੰਚ ਤੋਂ ਦੁਖੀ ਹੋ ਕੇ ਸਾਨੂੰ ਲਿਬਰੇਸ਼ਨ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਪੈ ਰਿਹਾ ਹੈ। ਮਜ਼ਦੂਰ ਆਗੂਆਂ ਨੇ ਅੱਗੇ ਕਿਹਾ ਕਿ ਭਾਵੇਂ ਲਿਬਰੇਸ਼ਨ ਦੀ ਧਨਾਢ ਲੀਡਰਸ਼ਿਪ ਮਜ਼ਦੂਰ ਪੱਖੀ ਹੋਣ ਦਾ ਡਰਾਮਾ ਕਰਦੀ ਹੈ ਪਰ ਅੰਦਰੋਂ ਜੱਟਵਾਦੀ ਬ੍ਰਾਹਮਣਵਾਦੀ ਮੰਨੂਵਾਦੀ ਸੋਚ ਨਾਲ ਲਿੱਬੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਲਿਬਰੇਸ਼ਨ ਦੇ ਸੂਬਾ ਸਕੱਤਰ ਵੱਲੋਂ ਭਗਵੰਤ ਸਿੰਘ ਸਮਾਓ ਨੂੰ ਭੇਜੇ ਉਹ ਬੇਲੋੜੇ ਨੋਟਿਸ ਤੋਂ ਮਿਲਦੀ ਹੈ ਜਿਸ ਵਿੱਚ ਪਿਛਲੇ ਦਿਨ ਮਾਨਸਾ ਜ਼ਿਲ੍ਹੇ ਪਿੰਡ ਰੱਲਾ ਵਿਖੇ ਪੇਂਡੂ ਧਨਾਢਾਂ ਵੱਲੋਂ ਕੀਤੇ ਕਤਲ ਕਾਂਡ ਖ਼ਿਲਾਫ ਚੱਲੇ ਅੰਦੋਲਨ ਦੀ ਹਮਾਇਤ ਵਿੱਚ ਭਾਜਪਾ ਦੇ ਐਸ ਸੀ ਵਿੰਗ ਦੇ ਪ੍ਰਧਾਨ ਸੁੱਚਾ ਰਾਮ ਲੱਧੜ ਦੇ ਬੋਲਣ , ਮਾਨਸਾ ਵਿਖੇ ਚੱਲ ਰਹੇ ਪਿਛਲੇ 9ਮਹੀਨਿਆਂ ਤੋਂ ਮਜ਼ਦੂਰ ਮੰਗਾਂ ਲਈ ਦਿਨ ਰਾਤ ਦੇ ਚੱਲ ਰਹੇ ਪੱਕੇ ਮਜ਼ਦੂਰ ਮੋਰਚੇ ਵਿੱਚ ਦਲਿਤਾਂ ਦੇ ਕੌਮੀ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਉਣ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹਾ ਦੇ ਰਾਮਪੁਰਾ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੜਕ ਸਿੰਘ ਵਾਲਾ ਵਿਖੇ ਦਲਿਤ ਜਗਾਓ ਰੈਲੀਆਂ ਕਰਨ ਨੂੰ ਮੁੱਦਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਿਬਰੇਸ਼ਨ ਦੀ ਧਨਾਂਢ ਸੂਬਾਈ ਲੀਡਰਸ਼ਿਪ ਨੇ ਪਾਰਟੀ ਦੇ ਸਿਧਾਂਤ ਦੇ ਉਲਟ ਨੋਟਿਸ ਭੇਜ ਕੇ ਪਾਰਟੀ ਵਿੱਚ ਕੰਮ ਕਰ ਰਹੇ ਕੁੱਲਵਕਤੀ ਬੇਜ਼ਮੀਨੇ ਮਜ਼ਦੂਰ ਪਰਿਵਾਰਾਂ ਦੇ ਲੀਡਰਾਂ ਨੂੰ ਮਜ਼ਦੂਰਾਂ ਦਲਿਤਾਂ ਦੇ ਬੁਨਿਆਦੀ ਸਵਾਲਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ। ਦਲਿਤ ਲੀਡਰਾਂ ਨੇ ਕਿਹਾ ਸਿਰਫ਼ ਇੰਨਾ ਹੀ ਨਹੀਂ ਦਸ ਸਾਲ ਪਹਿਲਾਂ ਲਿਬਰੇਸ਼ਨ ਦੀ ਇਸ ਧਨਾਂਢ ਸੂਬਾਈ ਲੀਡਰਸ਼ਿਪ ਨੇ ਮਜ਼ਦੂਰ ਜਥੇਬੰਦੀ ਦੇ ਪਹਿਚਾਣ ਪੱਤਰ ਤੇ ਸ਼ਹੀਦ ਭਗਤ ਸਿੰਘ ਦੇ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਦੀ ਫ਼ੋਟੋ ਲਗਾਉਣ ਦਾ ਸਖ਼ਤ ਵਿਰੋਧ ਕਰਕੇ ਜਥੇਬੰਦੀ ਦੇ ਪਛਾਣ ਪੱਤਰ ਨੂੰ ਮਜ਼ਦੂਰਾਂ ਨੂੰ ਜਾਰੀ ਕਰਨ ਤੋਂ ਰੋਕ ਦਿੱਤਾ ਸੀ। ਉਨ੍ਹਾਂ ਲਿਬਰੇਸ਼ਨ ਦੀ ਸੂਬਾਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਸਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਉਣਾ ਕਿਸ ਪੱਖ ਤੋਂ ਗਲਤ ਹੈ ਅਤੇ ਆਪਣੇ ਆਪ ਨੂੰ ਮਜ਼ਦੂਰ ਵਰਗ ਦੀ ਪਾਰਟੀ ਕਹਾਉਣ ਵਾਲੇ ਲਿਬਰੇਸ਼ਨ ਦੇ ਲੀਡਰ ਦੇ ਦਲਿਤਾਂ ਨੂੰ ਜਗਾਉਣਾ ਨਹੀ ਚਾਹੁੰਦੇ ਤਾਂ ਕਿਸ ਵਰਗ ਨੂੰ ਜਗਾਉਣਾ ਚਾਹੁੰਦੇ ਹਨ । ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਦਿੱਲੀ ਕਿਸਾਨ ਮੋਰਚੇ ਵਿੱਚ ਘਰਵਾਰ ਛੱਡ ਕੇ ਬੈਠਣ ਵਾਲੇ ਲਿਬਰੇਸ਼ਨ ਦੇ ਲੀਡਰਾਂ ਨੂੰ ਮਾਨਸਾ ਵਿਖੇ ਚੱਲ ਰਿਹਾ ਮਜ਼ਦੂਰਾਂ ਦਾ ਪੱਕਾ ਮੋਰਚਾ ਅੱਖਾਂ ਵਿੱਚ ਕਿਉਂ ਚੁੱਭ ਰਿਹਾ ਹੈ। ਮਜ਼ਦੂਰ ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਸਵਾਲਾਂ ਤੇ ਉਨ੍ਹਾਂ ਨੇ ਪਹਿਲਾਂ ਵੀ ਇਤਰਾਜ਼ ਉਠਾਇਆ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਲਿਬਰੇਸ਼ਨ ਦੇ ਲੀਡਰਾਂ ਵੱਲੋਂ ਮਜ਼ਦੂਰਾਂ ਦੇ ਸਵਾਲਾਂ ਨੂੰ ਘੱਟ ਤਵੱਜੋ ਦੇਣ ਦੀ ਗਲਤੀ ਦਾ ਮੂੰਹ ਜ਼ੁਬਾਨੀ ਤਾਂ ਅਹਿਸਾਸ ਕੀਤਾ ਸੀ ਪਰ ਇਹ ਲੀਡਰ ਆਪਣੇ ਮਨੋਂ ਜਾਤੀਵਾਦ ਦਾ ਕੋਹੜ ਨਹੀਂ ਕੱਢ ਸਕਦੇ। ਆਗੂਆਂ ਨੇ ਕਿਹਾ ਕਿ ਲਿਬਰੇਸ਼ਨ ਪਾਰਟੀ ਦੇ ਜ਼ਮੀਨਾਂ ਜਾਇਦਾਦਾਂ ਵਾਲੇ ਅਤੇ ਸਾਰੀ ਉਮਰ ਸਰਕਾਰੀ ਨੌਕਰੀਆਂ ਕਰਕੇ ਹਾਜ਼ਰਾਂ ਰੁਪਿਆ ਦੀਆਂ ਪੈਨਸ਼ਨਾਂ ਲੈਣ ਵਾਲੇ ਇਹ ਧਨਾਂਢ ਲੀਡਰ ਆਪਣੇ ਆਪ ਨੂੰ ਤਾਂ ਕ੍ਰਾਂਤੀਕਾਰੀ ਲੀਡਰ ਮੰਨਦੇ ਹਨ ਪਰ ਪਾਰਟੀ ਵਿੱਚ ਬੇਜ਼ਮੀਨੇ ਪਰਿਵਾਰਾਂ ਦੇ ਕੁੱਲਵਕਤੀ ਮਜ਼ਦੂਰ ਲੀਡਰਾਂ ਨੂੰ ਥੁੜਾਂ ਚੋਂ ਆਏ ਲੀਡਰ ਸਮਝਦੇ ਅਤੇ ਇੱਕ ਸਿਰੀ ਦੀ ਤਰ੍ਹਾਂ ਵਰਤਦੇ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਾਡਾ ਕੋਈ ਮੱਤਭੇਦ ਨਹੀ ਪਰ ਪੰਜਾਬ ਅੰਦਰ ਲਿਬਰੇਸ਼ਨ ਦੀ ਸੂਬਾਈ ਜਾਤੀਵਾਦੀ ਲੀਡਰਸ਼ਿਪ ਦੀਆਂ ਕਾਰਵਾਈ ਤੋਂ ਤੰਗ ਆ ਕੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦਿੰਦੇ ਹਾਂ।ਇਸ ਸਮੇਂ ਮਾਨਸਾ ਜ਼ਿਲ੍ਹਾ ਮੀਤ ਪ੍ਰਧਾਨ ਮੀਤ ਕੌਰ ਜੋਗਾ, ਜ਼ਿਲ੍ਹਾ ਮਾਨਸਾ ਆਗੂ ਭੋਲਾ ਝੱਬਰ, ਬਠਿੰਡਾ ਜ਼ਿਲ੍ਹਾ ਆਗੂ ਸੁਖਜੀਵਨ ਸਿੰਘ ਮੌੜ,ਬੀਰਬਲ ਸਿੰਘ ਸਿੰਗੋਂ,ਰਾਜ ਪੂਹਲੀ,ਪੱਪੀ ਖਾਲਸਾ,ਬਰਨਾਲਾ ਜ਼ਿਲਾ ਆਗੂ ਨਾਨਕ ਸਿੰਘ ਤਪਾ, ਗੁਰਜੰਟ ਸਿੰਘ ਢਿੱਲਵਾਂ, ਮਨਦੀਪ ਸਿੰਘ ਭਦੌੜ, ਫਰੀਦਕੋਟ ਜ਼ਿਲਾ ਆਗੂ ਬਲਜੀਤ ਕੌਰ,ਜਸਪਾਲ ਸਿੰਘ ਕੋਟਕਪੂਰਾ, ਹੁਸ਼ਿਆਰਪੁਰ ਜਿਲਾ ਆਗੂ ਜੰਗੀਰ ਕੌਰ, ਫਿਰੋਜ਼ਪੁਰ ਜ਼ਿਲ੍ਹਾ ਆਗੂ ਹਿੰਮਤ ਸਿੰਘ ਵੀ ਅਸਤੀਫ਼ਾ ਦੇਣ ਸਮੇਂ ਸ਼ਾਮਿਲ ਸਨ।