ਖੂਨਦਾਨ ਕਰਨ ਨਾਲ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ- ਸਪੀਕਰ ਸੰਧਵਾਂ 

  • ਨਿਰੋਗ ਬਾਲ ਆਸ਼ਰਮ ਵਿਖੇ ਖੂਨਦਾਨ ਕੈਂਪ ਵਿੱਚ ਕੀਤੀ ਸ਼ਿਰਕਤ 

ਫ਼ਰੀਦਕੋਟ 15 ਅਕਤੂਬਰ : ਕੋਟਕਪੂਰਾ ਵਿਖੇ ਨਿਰੋਗ ਬਾਲ ਆਸ਼ਰਮ ਵੱਲੋਂ  ਆਯੋਜਿਤ ਖੂਨਦਾਨ ਕੈਂਪ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਖੂਨਦਾਨ ਇੱਕ ਬਹੁਤ ਹੀ ਵੱਡਾ ਦਾਨ ਹੈ, ਜਿਸ ਨਾਲ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ ਅਤੇ ਸਾਨੂੰ ਖੂਨਦਾਨ ਕਰਨ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਨਿਰੋਗ ਬਾਲ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੇ ਕੈਂਪ ਲਗਾਉਣਾ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਹੋਰਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਦੀ ਜਾਨ ਬਚਾਈ ਜਾ ਸਕੇ।