ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਦੁਸਹਿਰਾ, ਦੀਵਾਲੀ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਸਬੰਧੀ ਆਤਿਸ਼ਬਾਜ਼ੀ ਨੂੰ ਲੈ ਕੇ ਮਨਾਹੀ ਦੇ ਹੁਕਮ ਜਾਰੀ

ਐਸ.ਏ.ਐਸ.ਨਗਰ, 24 ਅਕਤੂਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੁਸਹਿਰਾ (24 ਅਕਤੂਬਰ), ਦੀਵਾਲੀ (12 ਨਵੰਬਰ) ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ (27 ਨਵੰਬਰ) ਸਬੰਧੀ ਆਤਿਸ਼ਬਾਜ਼ੀ ਨੂੰ ਲੈ ਕੇ ਜਨਤਕ ਹਿੱਤ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੈ ਇਨ੍ਹਾਂ ਤਿਉਹਾਰਾਂ/ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਜਾਰੀ ਵਿਸਤ੍ਰਤ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਆਖਿਆ ਹੈ। ਕਿਉਂਕਿ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਫਾਇਰ ਕਰੈਕਰਜ਼/ਪਟਾਖਿਆਂ ਦੀ ਖਰੀਦ/ਵੇਚ ਅਤੇ ਸਟੋਰੇਜ ਕੀਤੀ ਜਾਂਦੀ ਹੈ। ਇਨ੍ਹਾਂ ਹਦਾਇਤਾਂ ਮੁਤਾਬਕ ਪ੍ਰਬੰਧਕਾਂ ਵੱਲੋਂ ਇਨ੍ਹਾਂ ਦਿਨ/ਤਿਉਹਾਰਾਂ ਨੂੰ ਮਨਾਉਣ ਲਈ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਉਕਤ ਹਦਾਇਤਾਂ ਵਿੱਚ ਦਰਸਾਏ ਅਨੁਸਾਰ ਪ੍ਰਵਾਨਗੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਅਤੇ ਦਰਸਾਏ ਗਏ ਮਿਤੀ ਅਤੇ ਸਮੇਂ ਅਨੁਸਾਰ ਨਿਰਧਾਰਤ ਅਵਾਜ਼ ਅੰਦਰ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ਼/ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਘਾਲਣਾ ਵੀ ਕਰੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਚਾਇਨੀਜ਼ ਫਾਇਰ ਕਰੈਕਰਜ਼ ਪਟਾਖਿਆ ਦੀ ਵਿਕਰੀ ਅਤੇ ਵਰਤੋਂ ਨਹੀਂ ਕਰੇਗਾ। ਇਨ੍ਹਾਂ ਹਦਾਇਤਾਂ ਮੁਤਾਬਕ ਦੁਸਹਿਰੇ ਵਾਲੇ ਦਿਨ 24 ਅਕਤੂਬਰ ਨੂੰ ਕੇਵਲ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਕੇਵਲ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 27 ਨਵੰਬਰ ਨੂੰ ਕੇਵਲ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਇਨ੍ਹਾਂ ਹੁਕਮਾਂ ਅਨੁਸਾਰ ਕੇਵਲ ਗਰੀਨ ਪਟਾਖੇ ਜੋ ਸੀ ਐਸ ਆਈ ਆਰ-ਨੀਰੀ (CSIR-NEERI) ਵੱਲੋਂ ਸਰਟੀਫਾਇਡ ਹੋਣ। ਉਨਾਂ ਦੀ ਵਿਕਰੀ ਅਤੇ ਇਸਤੇਮਾਲ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਕੀਤਾ ਜਾਵੇਗਾ। ਜੋੜੇ ਹੋਏ ਪਟਾਕੇ (ਸੀਰੀਜ਼ ਜਾਂ ਲੜੀ) ਦੀ ਵਿਕਰੀ ਅਤੇ ਵਰਤੋਂ ਭਾਵੇਂ ਹਰ ਸ਼੍ਰੇਣੀ ਦੇ ਅਧੀਨ ਆਉਂਦੀ ਹੈ, ਇਸ ਤੇ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਹਵਾ, ਸ਼ੋਰ ਦਾ ਕਾਰਨ ਬਣਦਾ ਹੈ। ਫਾਇਰ ਕਰੈਕਰਜ਼/ ਪਟਾਖਿਆਂ ਨੂੰ ਵੇਚਣ ਵਾਲੇ ਸਥਾਨਾਂ ਨੂੰ ‘ਨੋ ਸਮੋਕਿੰਗ ਜ਼ੋਨ’ ਘੋਸ਼ਿਤ ਕੀਤਾ ਜਾਂਦਾ ਹੈ। ਨਗਰ ਨਿਗਮ/ਨਗਰ ਕੌਂਸਲ ਇਨ੍ਹਾਂ ਸਥਾਨਾਂ ਤੇ ‘ਨੋ ਸਮੋਕਿੰਗ ਜ਼ੋਨ’ ਦੇ ਸਾਈਨ ਬੋਰਡ ਲਗਾਉਣਗੇ। ਫਲਿਪਕਾਰਟ, ਅਮੈਜਨ ਸਮੇਤ ਆਦਿ ਕੋਈ ਵੀ ਈ-ਕਾਮਰਸ ਵੈਬਸਾਈਟ, ਕਿਸੇ ਵੀ ਆਨਲਾਈਨ ਆਰਡਰ ਨੂੰ ਸਵੀਕਾਰ ਨਹੀਂ ਕਰੇਗੀ ਜੋ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਅਧਿਕਾਰ ਖੇਤਰ ਦੇ ਅੰਦਰ ਪਟਾਖਿਆਂ ਦੀ ਆਨਲਾਈਨ ਵਿਕਰੀ ਨੂੰ ਪ੍ਰਭਾਵਿਤ ਕਰੇ। ਜ਼ਿਲ੍ਹੇ ਵਿੱਚ ਸਥਿੱਤ ਸਰਕਾਰੀ/ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ, ਵਿਦਿਅਕ ਅਦਾਰੇ, ਅਦਾਲਤਾਂ ਨੂੰ ‘ਸਾਈਲੈਂਸ ਜ਼ੋਨ’ ਘੋਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਦੇ 100 ਮੀਟਰ ਦੇ ਏਰੀਆ ਵਿੱਚ ਫਾਇਰ ਕਰੈਕਰਜ਼/ਪਟਾਖੇ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ। ਸੀਨੀਅਰ ਕਪਤਾਨ ਪੁਲਿਸ, ਸਮੂਹ ਉਪ ਮੰਡਲ ਮੈਜਿਸਟਰੇਟਜ਼, ਸਬੰਧਤ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਸਰਕਾਰ ਦੀਆਂ ਉਕਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਕੀਤੀ ਜਾਵੇਗੀ। ਪਟਾਖਿਆ ਦੀ ਵੇਚ ਸਬੰਧੀ ਜਲਣਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੰਸ ਹੋਣਾ ਜਰੂਰੀ ਹੈ।ਪਟਾਖੇ/ਫਾਇਰ ਕਰੈਕਰਜ਼ ਦੀ ਵਿਕਰੀ ਜਿਲ੍ਹੇ ਵਿੱਚ ਕੇਵਲ ਨਿਰਧਾਰਿਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ। ਪਟਾਕੇ ਚਲਾਉਣ ਦੇ ਹਾਨੀਕਾਰਨ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਆਪਕ ਜਨਤਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਦੁਸਹਿਰੇ ਦੇ ਤਿਉਹਾਰ ਤੇ ਸਿਰਫ ਪੁਤਲੇ ਫੂਕਣ ਵੇਲੇ ਸਿਰਫ ਗਰੀਨ ਪਟਾਕਿਆ ਦੀ ਹੀ ਵਰਤੋਂ ਕਰਨ ਦੀ ਇਜਾਜਤ ਹੋਵੇਗੀ। ਸਬੰਧਤ ਥਾਣੇ ਦੇ ਐਸ.ਐਚ.ਓ ਆਪਣੇ ਅਧਿਕਾਰ ਖੇਤਰ ਵਿੱਚ ਇਹ ਯਕੀਨੀ ਬਣਾਉਣਗੇ ਕਿ ਪੁਤਲੇ ਵਿੱਚ ਹਰੇ ਪਟਾਕੇ ਤੋਂ ਇਲਾਵਾ ਕੋਈ ਹੋਰ ਪਟਾਖਾ ਨਾ ਵਰਤਿਆ ਜਾਵੇ ਅਤੇ ਇਸ ਮਕਸਦ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਦੁਸਹਿਰੇ ਤੇ ਪਟਾਕੇ ਚਲਾਉਣ ਦੀ ਇਜਾਜਤ ਨਹੀਂ ਹੋਵੇਗੀ। ਇਹ ਹੁਕਮ 23 ਅਕਤੂਬਰ 2023 ਤੋਂ 01 ਜਨਵਰੀ 2024 ਤੱਕ ਲਾਗੂ ਰਹੇਗਾ।