ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਘਰ ਘਰ ਜਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਲੋਕਾਂ ਨੂੰ ਕੀਤਾ ਜਾਗਰੂਕ

ਬਰਨਾਲਾ, 25 ਫਰਵਰੀ : ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਵੱਧ ਤੋਂ ਵੱਧ ਦਾਖ਼ਲੇ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਰੋਜ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਭੁਪਿੰਦਰ ਕੌਰ, ਡਿਪਟੀ ਡੀ.ਈ.ਓਜ਼. ਵਸੁੰਧਰਾ ਕਪਿਲਾ, ਬਰਜਿੰਦਰਪਾਲ ਸਿੰਘ, ਡਾਈਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਅਤੇ ਬੀ.ਪੀ.ਈ.ਓ. ਹਰਿੰਦਰ ਬਰਾੜ ਦੀ ਅਗਵਾਈ ਹੇਠ ਪਿੰਡ ਹੰਡਿਆਇਆ ਦੇ ਸਰਕਾਰੀ ਸਕੂਲ ਤੋਂ ਬਰਨਾਲਾ ਬਲਾਕ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਦੁਆਰਾ ਪਿੰਡ ਹੰਡਿਆਇਆ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੇ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਨ ਲਈ ਪ੍ਰੇਰਿਤ ਕੀਤਾ। ਡੀ.ਈ.ਓ. ਭੁਪਿੰਦਰ ਕੌਰ ਅਤੇ ਸਰੋਜ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਵੱਧ ਹੈ। ਉਹਨਾਂ ਕਿਹਾ ਕਿ ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਜ਼ਿਲ੍ਹੇ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨਾਲ ਸੰਬੰਧਿਤ ਹਰ ਕਰਮਚਾਰੀ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਘਰ ਘਰ ਦਾਖ਼ਲਾ ਮੁਹਿੰਮ ਤਹਿਤ ਕਾਫੀ ਬੱਚਿਆਂ ਦੀ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਰਜਿਸਟਰੇਸ਼ਨ ਕੀਤੀ ਗਈ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਾ ਕੇ ਸਕੂਲਾਂ ਦੀ ਬਿਲਡਿੰਗ, ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਸਿੱਖਿਆ ਦਾ ਪੱਧਰ ਦੇਖਣ ਲਈ ਬੇਨਤੀ ਕੀਤੀ ਅਤੇ ਦਾਖ਼ਲਾ ਮੁਹਿੰਮ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।