ਜਿਲ੍ਹੇ ਵਿੱਚ ਬਾਲ ਵਿਆਹ ਦੀ ਰੋਕਥਾਮ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਕੀਤਾ ਜਾਗਰੂਕ

ਫ਼ਰੀਦਕੋਟ 9 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਫਰੀਦਕੋਟ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਫਰੀਦਕੋਟ ਦੇ ਪਿੰਡ ਚਮੇਲੀ ਅਤੇ ਕੋਟ ਸੁਖੀਆ ਵਿਖੇ ਜਾ ਕੇ ਬਾਲ ਵਿਆਹ ਦੀ ਰੋਕਥਾਮ ਸਬੰਧੀ ਪਿੰਡ ਦੇ ਸਰਪੰਚ, ਮੈਂਬਰਾਂ, ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਤੋ ਇਲਾਵਾ ਪਿੰਡ ਦੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਵੇਅਰਨੈੱਸ ਕੈਪ ਲਗਾਇਆ ਗਿਆ । ਇਸ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਦੇ ਪ੍ਰੋਟੈਕਸ਼ਨ ਅਫਸਰ ਆਈ.ਸੀ. ਸੁਖਮੰਦਰ ਸਿੰਘ ਵੱਲੋਂ ਅਵੇਅਰਨੈੱਸ ਕੈਂਪ ਵਿੱਚ ਹਾਜ਼ਰ ਲੋਕਾਂ ਨੂੰ ਬਾਲ ਵਿਆਹ ਰੋਕਥਾਮ ਐਕਟ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਇਸ ਕਾਨੂੰਨ ਤਹਿਤ ਬਾਲ ਵਿਆਹ ਇੱਕ ਗੈਰ ਜਮਾਨਤੀ ਅਪਰਾਧ ਹੈ। ਇਸ ਤਹਿਤ ਵਿਆਹ ਲਈ ਲੜਕੇ ਦੀ ਉਮਰ ਘੱਟ ਤੋਂ ਘੱਟ 21 ਸਾਲ ਅਤੇ ਲੜਕੀ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰੇਗਾ ਤਾਂ ਉਸਨੂੰ 2 ਸਾਲ ਦੀ ਕਠੋਰ ਸਜਾ ਅਤੇ ਇੱਕ ਲੱਖ ਰੁਪਏ ਜੁਰਮਾਨਾਂ ਹੋ ਸਕਦਾ ਹੈ। ਇਸ ਕਾਨੂੰਨ ਤਹਿਤ ਛੋਟੀ ਉਮਰ ਵਿੱਚ ਵਿਆਹ ਕਰਨ ਲਈ ਪ੍ਰਚਾਰ ਕਰਨ ਵਾਲੇ ਅਤੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਸਜਾ ਦਾ ਨਿਯਮ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੇ ਗੁਆਂਢ ਜਾਂ ਆਲੇ ਦੁਆਲੇ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਚਾਈਲਡ ਲਾਈਨ ਹੈਲਪ ਲਾਈਨ ਨੰਬਰ 1098 ਤੇ ਦਿਤੀ ਜਾਵੇ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਜਿਆਦਾਤਰ ਵਿਆਹ ਗੁਰੂਦੁਆਰਾ ਸਾਹਿਬ ਵਿੱਚ ਹੀ ਹੁੰਦੇ ਹਨ ਅਤੇ ਗ੍ਰੰਥੀ ਸਿੰਘਾਂ ਅਤੇ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਇਹਨਾਂ ਲੋਕਾਂ ਨੂੰ ਬਾਲ ਵਿਆਹ ਰੋਕਥਾਮ ਐਕਟ ਬਾਰੇ ਜਾਗਰੂਕ ਕਰਕੇ ਪਿੰਡਾਂ ਵਿੱਚ ਹੁੰਦੇ ਬਾਲ ਵਿਆਹਾਂ ਨੂੰ ਰੋਕਿਆ ਜਾ ਸਕਦਾ ਹੈ।