ਯੂਡੀਆਈਡੀ ਵਿੱਚ ਜ਼ਿਲ੍ਹਾ ਬਰਨਾਲਾ ਸੂਬੇ ਭਰ ਵਿੱਚੋਂ ਮੋਹਰੀ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

  • ਦਿਵਿਆਂਗਜਨ ਦੇ ਯੂਡੀਆਈ ਕਾਰਡ ਬਣਾਉਣ ਦਾ 65 ਫ਼ੀਸਦੀ ਟੀਚਾ ਪੂਰਾ
  • ਦਿਵਿਆਂਗ ਪੈਨਸ਼ਨਰਾਂ ਨੂੰ ਹਰ ਮਹੀਨੇ ਜਾਰੀ ਕੀਤੀ ਜਾਂਦੀ ਹੈ 1.17 ਕਰੋੜ ਦੀ ਪੈਨਸ਼ਨ

ਬਰਨਾਲਾ, 22 ਜੂਨ : ਯੂਡੀਆਈਡੀ (ਯੂਨੀਕ ਡਿਸੇਬਿਲਿਟੀ ਆਇਡੈਂਟੀਫਿਕੇਸ਼ਨ ਕਾਰਡ) ਬਣਾਉਣ ਵਿੱਚ ਜ਼ਿਲ੍ਹਾ ਬਰਨਾਲਾ ਨੇ ਸੂਬੇ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਸਬੰਧਤ ਵਿਭਾਗਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੇ 65.73 ਫ਼ੀਸਦੀ ਯੂ ਡੀ ਆਈ ਡੀ ਕਾਰਡਾਂ ਨਾਲ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੈਨਸ਼ਨ ਸਕੀਮ ਅਧੀਨ ਸਰੀਰਕ ਪੱਖੋਂ 50 ਫ਼ੀਸਦੀ ਜਾਂ ਉਸ ਤੋਂ ਵੱਧ ਅਪੰਗਤਾ ਵਾਲੇ ਜ਼ਿਲ੍ਹੇ ਦੇ ਦਿਵਿਆਂਗਜਨ ਲਾਭਪਾਤਰੀਆਂ ਨੂੰ ਹਰ ਮਹੀਨੇ ਕਰੀਬ ਇੱਕ ਕਰੋੜ 17 ਲੱਖ 06 ਹਜ਼ਾਰ ਰੁਪਏ ਦੀ ਰਾਸ਼ੀ ਬਤੌਰ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਮਈ ਮਹੀਨੇ ਤੱਕ ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 8622 ਯੂਡੀਆਈਡੀ ਕਾਰਡ ਦਿਵਿਆਂਗਜਨਾਂ ਦੇ ਬਣਾਏ ਗਏ ਹਨ, ਜੋ ਕਿ ਟੀਚੇ ਦਾ 65.73 ਫ਼ੀਸਦੀ ਹੈ ਅਤੇ ਇਸ ਨਾਲ ਜ਼ਿਲ੍ਹਾ ਬਰਨਾਲਾ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਤੋਂ ਮੋਹਰੀ ਹੈ ਅਤੇ ਤੇਜ਼ੀ ਨਾਲ ਸੌ ਫ਼ੀਸਦੀ ਟੀਚਾ ਮੁਕੰਮਲ ਕਰਨ ਵੱਲ ਵਧ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਦਿਵਿਆਂਗਜਨ ਵਿਅਕਤੀ 13000 ਤੋਂ ਵੱਧ ਹਨ। ਉਨ੍ਹਾਂ ਦੱਸਿਆ ਕਿ 7800 ਤੋਂ ਵੱਧ ਦਿਵਿਆਂਗਜਨ ਵਿਅਕਤੀ ਪੈਨਸ਼ਨ ਹਾਸਲ ਕਰ ਰਹੇ ਹਨ।  ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵਲੋਂ ਹਰ ਹਫ਼ਤੇ ਬੁੱਧਵਾਰ ਨੂੰ ਯੂਡੀਆਈਡੀ ਕਾਰਡ ਬਣਾਉਣ ਲਈ ਕੈਂਪ ਲਾਇਆ ਜਾਂਦਾ ਹੈ ਤਾਂ ਜੋ ਕੋਈ ਵੀ ਅੰਗਹੀਣ ਵਿਅਕਤੀ ਸੇਵਾਵਾਂ ਲੈਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਜ਼ਿਲ੍ਹੇ ਦੇ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਦਿਵਿਆਂਗਜਨ ਪੈਨਸ਼ਨ ਹਾਸਲ ਕਰ ਰਹੇ ਹਨ, ਉਹ ਆਪਣੇ ਯੂਡੀਆਈਡੀ ਕਾਰਡ ਪਹਿਲ ਦੇ ਆਧਾਰ 'ਤੇ ਬਣਵਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਿਵਿਆਂਗਜਨ ਵਿਅਕਤੀ www.swavlambancard.gov.in ਵੈਬਸਾਈਟ 'ਤੇ ਜਾ ਕੇ, ਸੇਵਾ ਕੇਂਦਰ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦਫਤਰ ਵਿਖੇ ਸੰਪਰਕ ਕਰਕੇ ਅਪਲਾਈ ਕਰ ਸਕਦੇ ਹਨ।