ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਮਾਰੀਆਂ ਤੋਂ ਬਚਾਅ ਲਈ ਖਾਲੀ ਪਲਾਟਾਂ ਦੀ ਸਫਾਈ ਲਈ ਹੁਕਮ ਜਾਰੀ

  • ਖਾਲੀ ਪਲਾਟਾਂ ਤੇ ਪਾਣੀ ਖੜ੍ਹਨ ਵਾਲੀਆਂ ਥਾਵਾਂ ਦੇ ਮਾਲਕਾਂ ਨੂੰ ਸਫ਼ਾਈ ਤੁਰੰਤ ਖੁਦ ਕਰਵਾਉਣ ਦੇ ਨਿਰਦੇਸ਼

ਪਟਿਆਲਾ 20 ਜੁਲਾਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਪਏ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪਲਾਟਾਂ ਤੇ ਡੂੰਘੀਆਂ ਥਾਵਾਂ ਦੀ ਸਾਫ਼ ਸਫ਼ਾਈ ਖੁਦ ਕਰਵਾਉਣ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਹਿੱਤ ਕਮਿਸ਼ਨਰ ਨਗਰ ਨਿਗਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਮੁੱਖ ਪ੍ਰਸ਼ਾਸਕ ਪੀ ਡੀ ਏ ਨੂੰ ਪੱਤਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਅਜਿਹੇ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਪਲਾਟਾਂ ਦੀ ਸਾਫ਼ ਸਫ਼ਾਈ ਕਰਵਾਉਣ ਲਈ ਸੂਚਿਤ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਹੜ੍ਹਾਂ ਤੇ ਪਿਛਲੇ ਸਮੇਂ ਵਿੱਚ ਪਈ ਬਰਸਾਤ ਕਰਕੇ ਅਜਿਹੀਆਂ ਥਾਵਾਂ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਇਥੇ ਬਾਰਸ਼ ਦਾ ਪਾਣੀ ਇਕੱਠਾ ਹੋ ਰਿਹਾ ਹੈ ਜਿਸ ਕਾਰਨ ਨੇੜਲੇ ਇਲਾਕੇ ਵਿੱਚ ਮਲੇਰੀਆ/ਡੇਂਗੂ ਅਤੇ ਹੋਰ ਬਿਮਾਰੀਆਂ ਹੋਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੇ ਹਦਾਇਤ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਮਾਲਕ ਆਪਣੇ ਖਾਲੀ ਪਏ ਪਲਾਟ ਦੀ ਸਾਫ਼ ਸਫ਼ਾਈ ਨਹੀਂ ਕਰਵਾਉਂਦਾ ਹੈ ਤਾਂ ਸਬੰਧਤ ਵਿਭਾਗ ਸਫ਼ਾਈ ਸਬੰਧੀ ਖਰਚੇ ਦੀ ਰਿਕਵਰੀ ਨਿਯਮਾਂ ਅਨੁਸਾਰ ਉਸ ਪਲਾਟ ਦੇ ਮਾਲਕ ਤੋਂ ਕਰੇਗਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਖਾਲੀ ਪਲਾਟਾਂ ਵਿੱਚ ਸਾਫ਼ ਸਫ਼ਾਈ ਨਾ ਹੋਣ ਕਾਰਨ ਕੋਈ ਬਿਮਾਰੀ ਫੈਲਦੀ ਹੈ ਤਾਂ ਸਬੰਧਤ ਮਾਲਕ ਜ਼ਿੰਮੇਵਾਰ ਹੋਵੇਗਾ ਅਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।