ਪਿੰਡ ਵਾਸੀਆਂ ਨੂੰ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਜੁਟਿਆ ਜ਼ਿਲ੍ਹਾ ਪ੍ਰਸ਼ਾਸਨ

  • ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ : ਡਿਪਟੀ ਕਮਿਸ਼ਨਰ

ਫਾਜ਼ਿਲਕਾ, 27 ਜੁਲਾਈ : ਲਗਾਤਾਰ ਪੈ ਰਹੀਆਂ ਬਰਸਾਤਾਂ ਕਾਰਨ ਸਲਤੁਜ਼ ਦਰਿਆ ਵਿਚ ਆ ਰਿਹਾ ਵੱਡੀ ਮਾਤਰਾ ਵਿਚ ਪਾਣੀ ਅੰਤਮ ਰੂਪ ਵਿਚ ਹੁਸੈਨੀਵਾਲਾ ਹੈਡ ਵਰਕਸ ਰਾਹੀਂ ਫਾਜਿ਼ਲਕਾ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਪੁੱਜ ਰਿਹਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਰਹਦੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਅਗਾਉਂ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਰਾਹਤ ਕੈਂਪ ਬਣਾਏ ਗਏ ਹਨ ਜਿਸ *ਤੇ ਵੱਖ-ਵੱਖ ਵਿਭਾਗੀ ਟੀਮਾਂ ਲਗਾਤਾਰ ਦਿਨ ਰਾਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੈਕੇ *ਤੇ ਮੌਜੂਦ ਅਧਿਕਾਰੀ ਲਗਾਤਾਰ ਸਥਿਤੀ *ਤੇ ਨਜਰ ਰੱਖ ਰਹੇ ਹਨ ਅਤੇ ਲੋੜ ਮੁਤਾਬਕ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮੁੱਖ ਮੰਗ ਹਰਾ ਚਾਰਾ ਤੇ ਪੱਠੇ ਲੋੜ ਅਨੁਸਾਰ ਬਿਨਾਂ ਕਿਸੇ ਭੇਦਭਾਵ ਦੇ ਮੁਹੱਈਆ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਮੈਡੀਕਲ ਟੀਮਾਂ ਵੱਲੋਂ ਰਾਹਤ ਕੈਂਪਾਂ ਦੇ ਨਾਲ—ਨਾਲ ਘਰਾਂ ਵਿਚ ਜਾ ਕੇ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜ ਮੁਤਾਬਕ ਲੋਕਾਂ ਨੂੰ ਦਵਾਈਆਂ ਦੇ ਕੇ ਇਲਾਜ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਚ ਤਾਇਨਾਤ ਹਨ, ਸਮੇਂ—ਸਮੇਂ *ਤੇ ਪਸ਼ੂਆਂ ਦਾ ਚੈਕਅਪ ਕਰ ਰਹੀਆਂ ਹਨ ਤੇ ਇਲਾਜ ਵੀ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾ ਲਈ 24 ਘੰਟੇ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਫੋਨ ਨੰਬਰ 01638—262153 *ਤੇ ਸੰਪਰਕ ਕੀਤਾ ਜਾ ਸਕਦਾ ਹੈ।