ਮੋਗਾ ਵਿਖੇ ਘੁਮਿਆਰ ਸਸ਼ਕਤੀਕਰਨ ਯੋਜਨਾ ਤਹਿਤ 100 ਕਾਰੀਗਰਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਚੱਕਾਂ ਦੀ ਕੀਤੀ ਵੰਡ

  • ਪ੍ਰੋਗਰਾਮ ਵਿੱਚ ਖਾਦੀ ਤੇ ਗ੍ਰਾਮ ਆਯੋਗ  ਮੈਂਬਰ ਨਗਿੰਦਰ ਰਘੂਵੰਸ਼ੀ, ਰਾਜ ਨਿਰਦੇਸ਼ਕ ਖਾਦੀ ਤੇ ਵਿਲੇਜ਼ ਇੰਡਸਟਰੀ ਕਮਿਸ਼ਨ ਜ਼ਸਪਾਲ ਸਿੰਘ ਰਹੇ ਮੁੱਖ ਮਹਿਮਾਨ
  • ਕਿਹਾ !ਬਿਜਲੀ ਵਾਲੇ ਚੱਕਾਂ ਨਾਲ ਕਾਰੀਗਰਾਂ ਦੀ ਕਾਰਜਕੁਸ਼ਲਤਾ ਵਿੱਚ ਹੋਵੇਗਾ ਦੁੱਗਣਾ ਵਾਧਾ, ਆਰਥਿਕਤਾ ਵੀ ਹੋਵੇਗੀ ਉੱਚੀ

ਮੋਗਾ, 15 ਅਕਤੂਬਰ : ਸਰਕਾਰ ਵੱਲੋਂ ਘੁਮਿਆਰ ਜਾਤੀ ਦੇ ਲੋਕਾਂ ਨੂੰ ਆਪਣੀ ਕਲਾ ਵਿੱਚ ਹੋਰ ਨਿਪੁੰਨ ਬਣਾਉਣ ਅਤੇ ਉਨ੍ਹਾਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਦੇ ਮਨੋਰਥ ਵਜੋਂ ਘੁਮਿਆਰ ਸਸ਼ਕਤੀਕਰਨ ਯੋਜਨਾ ਲਿਆਂਦੀ ਹੈ, ਜਿਸਦਾ ਇਨ੍ਹਾਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ। ਸਕੀਮ ਤਹਿਤ ਜਿ਼ਲ੍ਹਾ ਮੋਗਾ ਵਿਖੇ ਵੀ ਅੱਜ ਲਾਲ ਸਿੰਘ ਰੋਡ  ਵਿਖੇ ਇਸ ਯੋਜਨਾ ਅਧੀਨ 100 ਚੱਕ ਜਿਹੜੇ ਕਿ ਬਿਜਲੀ ਨਾਲ ਚੱਲਦੇ ਹਨ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵੰਡੇ ਗਏ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਉੱਤਰੀ ਖੇਤਰ ਖਾਦੀ ਅਤੇ ਗ੍ਰਾਮ ਆਯੋਗ ਦੇ ਮੈਂਬਰ ਸ੍ਰੀ ਨਗਿੰਦਰ ਰਘੂਵੰਸ਼ੀ, ਰਾਜ ਨਿਰਦੇਸ਼ਕ ਖਾਦੀ ਅਤੇ ਵਿਲੇਜ਼ ਇੰਡਸਟਰੀ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਸ੍ਰੀ ਜ਼ਸਪਾਲ ਸਿੰਘ ਸ਼ਾਮਿਲ ਹੋਏ। ਸ੍ਰੀ ਨਗਿੰਦਰ ਰਘੂਵੰਸ਼ੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਛੋਟੇ ਕਾਰੀਗਰਾਂ ਨੂੰ ਆਪਣੀ ਆਰਥਿਕਤਾ ਉੱਪਰ ਚੁੱਕਣ ਦੇ ਹੋਰ ਅਵਸਰ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਜਲੀ ਵਾਲੇ ਚੱਕਾਂ ਨਾਲ ਇਹ ਕਾਰੀਗਰ ਹੁਣ ਜਿੱਥੇ ਇੱਕ ਦਿਨ ਵਿੱਚ 1000 ਦੀਵਾ ਜਾਂ ਕੋਈ ਹੋਰ ਮਿੱਟੀ ਦੇ ਬਰਤਨ ਬਣਾਉਂਦੇ ਸਨ ਹੁਣ ਉਹ ਇਸਦੀ ਮੱਦਦ ਨਾਲ 2000 ਤੋਂ ਵੀ ਵਧੇਰੇ ਦੀਵੇ ਜਾਂ ਹੋਰ ਬਰਤਨ ਬਣਾ ਸਕਣਗੇ, ਭਾਵ ਕਿ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਦੁਗਣਾ ਵਾਧਾ ਹੋ ਜਾਵੇਗਾ ਅਤੇ ਮੁਨਾਫ਼ਾ ਵੀ ਦੁੱਗਣਾ। ਉਨ੍ਹਾਂ ਕਿਹਾ ਕਿ ਇਸ ਨਾਲ ਬਿਰਧ ਹੋ ਚੁੱਕੇ ਕਾਰੀਗਰ ਜਿਹੜੇ ਕਿ ਹੱਥ ਨਾਲ ਚੱਲਣ ਵਾਲੀ ਚੱਕ ਚਲਾਉਣ ਦੇ ਯੋਗ ਨਹੀਂ ਸਨ ਉਨ੍ਹਾਂ ਦਾ ਧੰਦਾ ਵੀ ਮੁੜ ਤੋਂ ਸੁਰਜੀਤ ਹੋ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਰੋਹ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਕਿ ਵਿਦੇਸ਼ੀ ਨਹੀਂ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਕਰੋ ਜਿਵੇਂ ਕਿ ਰੇਲਵੇ ਅੰਦਰ ਪਲਾਸਟਿਕ ਦੀ ਥਾਂ ਤੇ ਮਿੱਟੀ ਦੇ ਕੁਲੜ ਵਰਤੇ ਜਾਣ ਤਾਂ ਜੋ ਇਹ ਛੋਟੇ-ਛੋਟੇ ਕਾਰੀਗਰ ਹਨ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਣ। ਪ੍ਰੋਗਰਾਮ ਵਿੱਚ ਉਨ੍ਹਾਂ ਪੀ.ਐਮ. ਵਿਸ਼ਵਕਰਮਾ ਸਕੀਮ ਅਤੇ ਪੀ.ਐਮ.ਈ.ਜੀ.ਪੀ. ਸਕੀਮ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨ੍ਹਾ ਕਿਹਾ ਇਹ ਸਕੀਮਾਂ ਰੋਜ਼ਗਾਰ ਦੇਣ ਲਈ ਨਹੀਂ ਸਗੋਂ ਵਿਅਕਤੀਆਂ ਨੂੰ ਆਪਣੇ ਜਰੀਏ ਹੋਰਨਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਬਣਾਈਆਂ ਗਈਆਂ ਹਨ। ਇਸ ਮੌਕੇ ਪਰਜਾਪਤੀ ਸਮਾਜ ਦੇ ਪ੍ਰਧਾਨ ਸ੍ਰੀ ਰਾਜਕੁਮਾਰ, ਵਾਈਸ ਪ੍ਰਧਾਨ ਸ੍ਰੀ ਧਰਮਵੀਰ, ਸ੍ਰੀ ਅੰਗਰੇਜ਼ ਮਲਿਕ ਮਰਜਨ ਮਨੀ ਅਫ਼ਸਰ ਖਾਦੀ ਵਿਲੇਜ਼ ਅਤੇ ਕਮਿਸ਼ਨ ਚੰਡੀਗੜ੍ਹ, ਸ੍ਰੀ ਜਗਦੀਪ ਧੂਲ ਅਸਿਸਟੈਂਟ ਡਾਇਰੈਕਟਰ ਖਾਦੀ ਵਿਲੇਜ਼ ਅਤੇ ਕਮਿਸ਼ਨ ਚੰਡੀਗੜ੍ਹ, ਨਿਰਮਲ ਸਿੰਘ, ਕਰਨਵੀਰ ਕੌਰ ਦੋਵੇਂ ਬਲਾਕ ਪੱਧਰ ਪ੍ਰਸਾਰ ਅਫ਼ਸਰ ਜਿ਼ਲ੍ਹਾ ਉਦਯੋਗ ਕੇਂਦਰ ਮੋਗਾ ਹਾਜ਼ਰ ਸਨ।