ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਐਮ.ਪੀ. ਮਾਨ ਸੰਗਤਾਂ ਨੂੰ ਮਿਲੇ

  • ਸੰਗਤ ਵਿੱਚ ਅਨੁਸ਼ਾਸਨ ਕਾਬਲ-ਏ-ਤਰੀਫ਼ ਸੀ: ਐਮ.ਪੀ. ਸਿਮਰਨਜੀਤ ਸਿੰਘ ਮਾਨ

ਮਾਲੇਰਕੋਟਲਾ, 30 ਅਕਤੂਬਰ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਅੱਜ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਅੱਜ ਹਲਕੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸੰਗਤ ਦਰਸ਼ਨ ਕੀਤੇ ਗਏ। ਇਸ ਸੰਬੰਧੀ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਸੰਗਤ ਦਰਸ਼ਨ ਲਈ ਹਲਕੇ ਦੇ ਵੱਖ-ਵੱਖ ਸਤਿਸੰਗ ਘਰਾਂ ਦਾ ਦੌਰਾ ਨਿਰਧਾਰਿਤ ਕੀਤਾ ਗਿਆ ਸੀ, ਜਿਸਦੇ ਲਈ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਹਿਰਾਗਾਗਾ ਵਿਖੇ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹਨਾਂ ਦੇ ਨਾਲ ਸੁਨਾਮ, ਸੰਗਰੂਰ, ਧੂਰੀ, ਮਾਲੇਰਕੋਟਲਾ ਹੁੰਦੇ ਹੋਏ ਉਹ ਅਹਿਮਦਗੜ੍ਹ ਪਹੁੰਚੇ। ਰਾਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਮਾਨ ਨੇ ਕਿਹਾ ਕਿ ਅੱਜ ਦੇ ਦੌਰੇ ਦੌਰਾਨ ਸੰਗਤ ਵੱਲੋਂ ਦਿਖਾਇਆ ਗਿਆ ਅਨੁਸ਼ਾਸਨ ਕਾਬਲ-ਏ-ਤਰੀਫ਼ ਸੀ | ਵੱਡੀ ਗਿਣਤੀ ਵਿੱਚ ਸੰਗਤ ਹੋਣ ਦੇ ਬਾਵਜੂਦ ਕੋਈ ਹੁਲੜਬਾਜੀ ਜਾਂ ਧੱਕਾਮੁੱਕੀ ਦੇਖਣ ਨੂੰ ਨਹੀਂ ਮਿਲੀ। ਸਾਰੀ ਸੰਗਤ ਨੇ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਅੱਜ ਦੇ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਸਫਲ ਬਣਾਇਆ। ਮਾਨ ਨੇ ਕਿਹਾ ਕਿ ਅਨੁਸ਼ਾਸਨ ਸਫਲਤਾ ਦੀ ਕੁੰਜੀ ਹੈ, ਕਿਉਂਕਿ ਜਦੋਂ 1840 ਤੋਂ ਬਾਅਦ ਅੰਗਰੇਜਾਂ ਕੋਲੋਂ ਸਿੱਖ ਜੰਗ ਹਾਰ ਗਏ ਸਨ ਤਾਂ ਇੱਕ ਅੰਗਰੇਜ ਅਧਿਕਾਰੀ ਨੇ ਕਿਹਾ ਸੀ ਕਿ ਸਿੱਖ ਫੌਜ ਵਿੱਚ ਦਲੇਰੀ ਸਾਡੇ ਨਾਲੋਂ ਵੀ ਜਿਆਦਾ ਸੀ , ਪਰ ਸਾਡੀ ਫੌਜ ਵਿੱਚ ਅਨੁਸ਼ਾਸਨ ਜਿਆਦਾ ਸੀ, ਜਿਸ ਕਾਰਨ ਉਨ੍ਹਾਂ ਦੀ ਜਿੱਤ ਹੋਈ। ਉਨ੍ਹਾਂ ਦੱਸਿਆ ਕਿ ਆਪਣੇ ਅੱਜ ਦੇ ਦੌਰੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਸ਼ਿਆਂ, ਗਰੀਬੀ ਅਤੇ ਦੁਨੀਆਂ ਵਿੱਚ ਹੋ ਰਹੇ ਖੂਨ ਖਰਾਬੇ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਦੁਨੀਆਂ ਵਿੱਚ ਹੋ ਰਿਹਾ ਖੂਨ ਖਰਾਬਾ ਖਾਸ ਕਰਕੇ ਗਾਜਾ ਤੇ ਇਜਰਾਈਲ ਵਿੱਚ ਹੋਣ ਵਾਲਾ ਖੂਨ ਖਰਾਬਾ ਜਲਦੀ ਤੋਂ ਜਲਦੀ ਖਤਮ ਹੋਵੇ। ਇਸਦੇ ਨਾਲ ਹੀ ਨਸ਼ਿਆਂ ਦੇ ਖਾਤਮੇ ਅਤੇ ਗਰੀਬੀ ਖਤਮ ਕਰਨ ਸੰਬੰਧੀ ਉਪਰਾਲਿਆਂ 'ਤੇ ਵੀ ਚਰਚਾ ਕੀਤੀ। ਅੰਤ ਸ. ਮਾਨ ਨੇ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਨਾਲ ਬੁਲਾ ਕੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨ ਵਾਲੀ ਸੰਗਤ ਦੇ ਦਰਸ਼ਨ ਕਰਵਾਏ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਸੀਨੀਅਰ ਭੁਪਿੰਦਰ ਸਿੰਘ ਗਰੇਵਾਲ, ਨਿੱਜੀ ਸਕੱਤਰ ਗੁਰਜੰਟ ਸਿੰਘ ਕੱਟੂ, ਪ੍ਰਗਟ ਸਿੰਘ ਗਾਗਾ, ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਹਰਦੇਵ ਸਿੰਘ ਪੱਪੂ, ਹਰਬੰਸ ਸਿੰਘ ਸਲੇਮਪੁਰ, ਸੰਜੀਵ ਸਿੰਘ ਸੁਨਾਮ, ਰਿੰਕੂ ਸਰਪੰਚ ਗੁਰਨੇ ਖੁਰਦ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜਰ ਸਨ।