ਡਿਪਟੀ ਕਮਿਸ਼ਨਰ ਵੱਲੋਂ ਕਿਨੂੰ ਮੰਡੀ ਦਾ ਦੌਰਾ, ਗਰਮੀਆਂ ਵਿਚ ਮਿਲੇ ਨਹਿਰੀ ਪਾਣੀ ਕਾਰਨ ਕਿਨੂੰ ਦੀ ਚੰਗੀ ਫਸਲ

ਅਬੋਹਰ, 13 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਅਬੋਹਰ ਦੀ ਕਿਨੂੰ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਥੇ ਬਾਗਬਾਨਾਂ ਅਤੇ ਵਪਾਰੀਆਂ ਨਾਲ ਗਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਥੇ ਆਪਣੇ ਕਿਨੂੰ, ਮਾਲਟਾ, ਡੇਜੀ ਆਦਿ ਦੀ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਇਹ ਮੰਡੀ ਇਸੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਲਾਭ ਹੋਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਮਾਲਟੇ ਦੀ ਆਵਕ ਹੈ ਜਦ ਕਿ ਜਲਦੀ ਹੀ ਫਸਲ ਤਿਆਰ ਹੋਣ ਤੇ ਇੱਥੇ ਕਿਨੂੰ ਦੀ ਆਵਕ ਵੀ ਸ਼ੁਰੂ ਹੋਵੇਗੀ। ਇਸ ਮੌਕੇ ਬਾਗਬਾਨਾਂ ਨੇ ਦੱਸਿਆ ਕਿ ਇਸ ਸਾਲ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਨਹਿਰੀ ਪਾਣੀ ਪਹੁੰਚਿਆਂ ਜਿਸ ਕਾਰਨ ਕਿਨੂੰ ਅਤੇ ਮਾਲਟੇ ਦੀ ਚੰਗੀ ਫਸਲ ਅਤੇ ਫਲ ਦੀ ਕੁਆਲਟੀ ਵੀ ਚੰਗੀ ਹੈ।ਇਸ ਨਾਲ ਬਾਗਬਾਨਾਂ ਨੂੰ ਕਿਨੂੰ ਦਾ ਭਰਪੂਰ ਝਾੜ ਮਿਲਣ ਦੀ ਆਸ ਹੈ। ਜਿਕਰਯੋਗ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਲਗਭਗ 35 ਹਜਾਰ ਹੈਕਟੇਅਰ ਵਿਚ ਕਿਨੂੰ ਦੇ ਬਾਗ ਹਨ ਅਤੇ ਇਸ ਇਲਾਕੇ ਨੂੰ ਪੰਜਾਬ ਦਾ ਕੈਲੇਫੋਰਨੀਆਂ ਆਖਿਆ ਜਾਂਦਾ ਹੈ। ਇਸ ਇਲਾਕੇ ਵਿਚ ਸਭ ਤੋਂ ਵੱਧ ਬਾਗ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਕਿਸਾਨਾਂ ਦੀ ਬਿਹਤਰੀ ਨੂੰ ਸਮਰਪਿਤ ਹਨ ਅਤੇ ਪ੍ਰਸ਼ਾਸਨ ਜਿਆਦਾ ਤੋਂ ਜਿਆਦਾ ਉਪਰਾਲੇ ਕਰ ਰਿਹਾ ਹੈ ਤਾਂ ਜ਼ੋ ਕਿਸਾਨਾਂ ਨੂੰ ਆਰਥਿਕ ਤੌਰ ਤੇ ਹੋਰ ਮਜਬੂਤ ਕੀਤਾ ਜਾ ਸਕੇ।