ਫਾਜ਼ਿਲਕਾ, 26 ਅਪ੍ਰੈਲ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੰਡੀ ਵਿਖੇ ਪਹੁੰਚ ਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਫਸਲ ਦੀ ਖਰੀਦ ਦੌਰਾਨ ਕੋਈ ਪ੍ਰੇਸ਼ਾਣੀ ਨਾ ਆਉਣ ਦਿੱਤੀ ਜਾਵੇ। ਅਨਾਜ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਕਿਸਾਨ ਜਿਵੇਂ ਹੀ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਪਹੁੰਚ ਕਰਦਾ ਹੈ ਉਸ ਦੀ ਨਾਲੋ—ਨਾਲ ਖਰੀਦ ਕਰਵਾਈ ਜਾਵੇ। ਉਸ ਉਪਰੰਤ ਫਸਲ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਫਸਲ ਦੀ ਅਦਾਇਗੀ ਦੀ ਕਾਰਵਾਈ ਤੈਅ ਸਮੇਂ ਦੇ ਅੰਦਰ—ਅੰਦਰ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਖਰੀਦ ਸੀਜਨ ਦੌਰਾਨ ਕੋਈ ਖਜਲ—ਖੁਆਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਮੌਕੇ *ਤੇ ਤੋਲੀ ਜਾ ਰਹੀ ਫਸਲ ਦੇ ਕੰਡੇ ਨੂੰ ਵੀ ਚੈਕ ਕੀਤਾ ਜਿਸ *ਤੇ ਕਣਕ ਦਾ ਵਜਨ ਸਹੀ ਪਾਇਆ ਗਿਆ।ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਫਸਲ ਦੀ ਤੁਲਾਈ ਵਿਚ ਕੋਈ ਹੇਰਾ—ਫੇਰੀ ਨਾ ਕੀਤੀ ਜਾਵੇ, ਇਸ ਨੂੰ ਲੈ ਕੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀ ਦੇ ਅਧਿਕਾਰੀਆਂ, ਆੜਤੀਆ ਐਸੋਸੀਏਸ਼ਨ ਦੇ ਮੈਂਬਰਾਂ, ਪ੍ਰਧਾਨ ਟਰੱਕ ਯੂਨੀਅਨ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਵਿਚ ਕੋਈ ਢਿਲ—ਮੱਠ ਨਾ ਵਰਤੀ ਜਾਵੇ ਅਤੇ ਤੈਅ ਸਮੇਂ ਅੰਦਰ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਸਲ ਦੀ ਲੋਡਿੰਗ—ਅਣਲੋਡਿੰਗ ਲਈ ਢੁੱਕਵੀਂ ਲੇਬਰ ਦੀ ਵਿਵਸਥਾ ਕੀਤੀ ਜਾਵੇ ਤਾਂ ਜ਼ੋ ਲਿਫਟਿੰਗ ਦੇ ਕੰਮ *ਚ ਤੇਜੀ ਲਿਆਂਦੀ ਜਾ ਸਕੇ। ਇਸ ਤੋਂ ਇਲਾਵਾ ਫਸਲ ਨੂੰ ਗੋਦਾਮਾਂ ਵਿਚ ਪਹੁੰਚਾਉਣ ਵਾਲੇ ਟਰੱਕਾਂ ਦੀ ਗਿਣਤੀ ਵਿਚ ਵੀ ਲੋੜ ਅਨੁਸਾਰ ਵਾਧਾ ਕੀਤਾ ਜਾਵੇ।ਉਨ੍ਹਾ ਸਬੰਧਤਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਪ੍ਰਕਿਰਿਆ *ਚ ਵਿਘਨ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਜਲਾਲਾਬਾਦ ਸ. ਰਵਿੰਦਰ ਅਰੋੜਾ, ਸਕੱਤਰ ਮਾਰਕੀਟ ਕਮੇਟੀ ਬਲਜਿੰਦਰ ਸਿੰਘ, ਆੜਤੀਆ ਐਸੋਸੀਏਸ਼ਨ ਪ੍ਰਧਾਨ ਕਪਤਾਨ ਛਾਬੜਾ, ਅੰਕੂਸ਼ ਮੁਟਨੇਜਾ ਪ੍ਰਧਾਨ ਟਰੱਕ ਯੂਨੀਅਨ ਤੋਂ ਇਲਾਵਾ ਸਬੰਧਤ ਏਜੰਸੀਆਂ ਦੇ ਅਧਿਕਾਰੀ ਅਤੇ ਹੋਰ ਮੈਂਬਰ ਮੌਜੂਦ ਸਨ।