ਡਿਪਟੀ ਕਮਿਸ਼ਨਰ ਨੇ ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

  • ਡਿਪਟੀ ਕਮਿਸ਼ਨਰ ਨੇ ਨਜਾਇਜ਼ ਸ਼ਰਾਬ ਕੱਢਣ ਤੇ ਵੇਚਣ ਵਾਲਿਆ ਦੀਆਂ ਜਾਇਦਾਦਾਂ ਨੂੰ ਅਟੈਚ ਕਰਨ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
  • ਨਜਾਇਜ਼ ਸ਼ਰਾਬ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਸੰਵੇਦਨਸ਼ੀਲ ਇਲਾਕਿਆਂ ਅੰਦਰ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ
  • ਆਬਕਾਰੀ ਵਿਭਾਗ ਪੰਜਾਬ ਦੇ ਹੈਲਪ ਲਾਈਨ ਨੰਬਰ 98759-61126 ਉੱਪਰ ਦਿੱਤੀ ਜਾ ਸਕਦੀ ਹੈ ਨਜਾਇਜ਼ ਸ਼ਰਾਬ ਸਬੰਧੀ ਸੂਚਨਾ- ਪ੍ਰੀਤ ਭੁਪਿੰਦਰ ਸਿੰਘ

ਮਾਲੇਰਕੋਟਲਾ, 01 ਅਗਸਤ : ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਸੱਦੀ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਨਿਰਦੇਸ਼ ਦਿੱਤੇ ਕਿ ਨਜਾਇਜ਼ ਸ਼ਰਾਬ ਦੀ ਪੂਰੀ ਤਰ੍ਹਾਂ ਰੋਕਥਾਮ ਲਈ ਪੁਲਿਸ, ਆਬਕਾਰੀ ਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਪੈਦਾ ਕਰਕੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਇਲਾਕਿਆਂ ’ਤੇ ਕਰੜੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਤਸਕਰਾਂ ਤੇ ਨਜਾਇਜ ਸਰਾਬ ਦੀ ਵਿਕਰੀ ਮੁਕੰਮਲ ਤੌਰ ਤੇ ਜ਼ਿਲ੍ਹੇ ਵਿੱਚ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਨੂੰ ਅਟੈਚ ਕਰਨ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਜਾਵੇ । ਆਬਕਾਰੀ ਵਿਭਾਗ ਤੇ ਪੁਲਿਸ ਨੂੰ ਸਬ ਡਵੀਜਨ ਪੱਧਰ ’ਤੇ ਬਿਹਤਰੀਨ ਤਾਲਮੇਲ ਲਈ ਸਾਂਝੀਆਂ ਟੀਮਾਂ ਦਾ ਗਠਨ ਕਰਨ ਲਈ ਕਿਹਾ ਤਾਂ ਜੋ ਗੈਰ-ਕਾਨੂੰਨੀ ਸ਼ਰਾਬ ਬਣਾਉਣ, ਵੇਚਣ ਤੇ ਇਸਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਸ਼ਿਕੰਜਾ ਕਸਿਆ ਜਾ ਸਕੇ। ਪੁਲਿਸ ਵਿਭਾਗ ਅਤੇ ਜ਼ਿਲ੍ਹਾ ਅਟਾਰਨੀ ਨਾਲ ਆਬਕਾਰੀ ਐਕਟ ਤਹਿਤ ਦਰਜ ਮਹੱਤਵਪੂਰਨ ਕੇਸਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਦਿਆ ਉਨ੍ਹਾਂ ਜ਼ਿਲ੍ਹਾ ਅਟਾਰਨੀ ਨੂੰ ਕਿਹਾ ਕਿ ਨਸ਼ਾ ਤਸਕਰਾਂ ਸਬੰਧੀ ਕਾਨੂੰਨੀ ਕਾਰਵਾਈ ਨੂੰ ਹੋਰ ਪੁਖ਼ਤਗੀ ਨਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਸਜ਼ਾ ਦਰ ਵਿਚ ਵਾਧਾ ਹੋ ਸਕੇ। ਮੀਟਿੰਗ ਦੌਰਾਨ ਡੀ.ਐਸ.ਪੀ. ਸ੍ਰੀ ਰਣਜੀਤ ਸਿੰਘ  ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨਜਾਇਜ਼ ਸ਼ਰਾਬ ਕੱਢਣ , ਵੇਚਣ, ਨਸ਼ਾ ਤਸਕਰਾਂ ਅਤੇ ਇਸ ਦੀ ਤਸਕਰੀ ਨੂੰ ਰੋਕਣ ਲਈ ਹਰ ਸਮੇਂ ਤਤਪਰ ਹੈ, ਜਿਸ ਸਦਕਾ ਜ਼ਿਲ੍ਹੇ ਦੇ ਸੰਵੇਦਨਸ਼ੀਲ ਇਲਾਕਿਆਂ ਅੰਦਰ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਜਾਇਜ਼ ਸ਼ਰਾਬ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਅਤੇ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ । ਉਨ੍ਹਾਂ ਹੋਰ ਕਿਹਾ ਗੈਰ-ਕਾਨੂੰਨੀ ਸ਼ਰਾਬ ਬਣਾਉਣ, ਵੇਚਣ ਤੇ ਇਸਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਮਾਲੇਰਕੋਟਲਾ ਪੁਲਿਸ ਦੇ ਕੰਟਰੋਲ ਰੂਮ ਨੰ.91155-87200 ਤੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ । ਜਾਣਕਾਰੀ ਦੇਣ ਵਾਲੇ ਦੇ ਵੇਰਵੇ ਪੂਰਨ ਤੌਰ ਤੇ ਗੁਪਤ ਰੱਖੇ ਜਾਂਦੇ ਹਨ । ਆਬਕਾਰੀ ਅਫ਼ਸਰ ਸੰਗਰੂਰ-2 ਸ੍ਰੀ ਪ੍ਰੀਤ ਭੁਪਿੰਦਰ ਸਿੰਘ  ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਸ਼ਰਾਬ ਦੇ ਨਜਾਇਜ਼ ਧੰਦੇ ਸਬੰਧੀ ਜਾਂ ਧੰਦਾ ਕਰਨ ਵਾਲੇ ਕਿਸੇ ਵਿਅਕਤੀ ਸਬੰਧੀ ਕੋਈ ਜਾਣਕਾਰੀ ਆਉਂਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ 98759-61126 ਨੰਬਰ ਉੱਪਰ ਸੰਪਰਕ ਕਰਕੇ ਜਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ ਨਿਭਾ ਸਕਦੇ ਹਨ । ਇਸ ਮੌਕੇ ਆਬਕਾਰੀ ਨਿਰੀਖਕ ਮਲੇਰਕੋਟਲਾ ਸ੍ਰੀ ਸੋਰਵ ਜਿੰਦਲ ਤੋਂ ਇਲਾਵਾ ਸਬੰਧਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।