ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

  • ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ : ਡਾ ਪੱਲਵੀ
  • ਅਧਿਕਾਰੀ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ : ਡਿਪਟੀ ਕਮਿਸ਼ਨਰ

ਮਾਲੇਰਕੋਟਲਾ 06 ਸਤੰਬਰ : ਜ਼ਿਲ੍ਹੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਪੰਚਾਇਤੀ ਰਾਜ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲ ਜਾਰੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਹਿਤ ਨਿੱਜੀ ਤੌਰ 'ਤੇ ਚੱਲ ਰਹੇ ਕੰਮਾਂ ਦਾ ਨਰੀਖਣ ਕਰਨ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ ਅਤੇ ਜੋ ਕੰਮ ਅਧੂਰੇ ਹਨ ਅਤੇ ਕਿਸੇ ਵੀ ਕਾਰਨ ਕਰਕੇ ਅਜੇ ਤੱਕ ਮੁਕੰਮਲ ਨਹੀਂ ਹੋਏ ਸਬੰਧਿਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਵਾਉਣ ਨੂੰ ਤਰਜੀਹ ਦੇਣ । ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਯੋਜਨਾਬੱਧ ਢੰਗ ਲਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਦੀ ਮੰਗ ਤੇ ਬੁਨਿਆਦੀ ਸੁਵਿਧਾਵਾਂ ਦੇ ਆਧਾਰ ’ਤੇ ਪਿੰਡਾਂ ਦੇ ਵਿਕਾਸ ਕਾਰਜ ਉਲੀਕੇ ਜਾਣ । ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪੰਜਾਬ ਨਿਰਮਾਣ ਪ੍ਰੋਗਰਾਮ, ਐਮ.ਪੀ. ਲੈਂਡ ਸਕੀਮਾਂ,ਸਾਂਝਾ ਤਲਾਬ, ਸੋਲਡ ਐਂਡ ਲੀਕਉੱਡ ਵੈਸਟ ਮੈਨੇਜਮੈਂਟ, ਮਗਨਰੇਗਾ ,ਬਾਇਓ ਗੈਸ ਪਲਾਂਟ, ਰੇਣ ਵਾਟਰ ਹਾਰਵੈਸਟਿੰਗ, ਪ੍ਰਧਾਨ ਮੰਤਰੀ ਆਵਾਸ ਯੋਜਨਾ,  ਸਮਾਰਟ ਵਿਲੇਜ਼ ਕੰਪੇਨ, ਅਨ-ਟਾਈਡ ਫੰਡ, ਪੇਂਡੂ ਖੇਡ ਸਟੇਡੀਅਮ, ਛੱਪੜਾਂ ਦੀ ਸਫ਼ਾਈ, ਅੰਮ੍ਰਿਤ ਸਰੋਵਰ ਸਮੇਤ ਪਿੰਡਾਂ 'ਚ ਚੱਲ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਕੰਮਾਂ ’ਚ ਦੇਰੀ ਅਤੇ ਕਿਸੇ ਵੀ ਤਰ੍ਹਾਂ ਅਣਗਹਿਲੀ ਨਾ ਕੀਤੀ ਜਾਵੇ ਅਤੇ ਕੰਮ ਦੀ ਗੁਣਵੰਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਉਨ੍ਹਾਂ ਹੋਰ ਕਿਹਾ ਕਿ ਕੰਮ ਦੀ ਗੁਣਵੰਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਪ੍ਰਗਤੀ ਰਿਪੋਰਟ ਹਰੇਕ ਮਹੀਨੇ ਭੇਜਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਾਰਗੁਜ਼ਾਰੀ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ । ਉਨ੍ਹਾਂ ਐਕਸੀਅਨ ਪੰਚਾਇਤੀ ਰਾਜ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਤਿੰਨ ਬਲਾਕਾਂ ਮਾਲੇਰਕੋਟਲਾ,ਅਮਰਗੜ੍ਹ ਅਤੇ ਅਹਿਮਦਗੜ੍ਹ ਵਿਖੇ ਮਗਨਰੇਗਾ ਭਵਨ ਬਣਾਉਣ ਦੀਆਂ ਉਪਚਾਰਿਕਤਾਵਾਂ ਜਲਦ ਤੋਂ ਜਲਦ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ । ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਜ਼ਿਲ੍ਹੇ ਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ,ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਪਰਮਜੀਤ ਸਿੰਘ ,ਐਕਸੀਅਨ ਪੰਚਾਇਤੀ ਰਾਜ ਇੰਜ. ਰਣਜੀਤ ਸਿੰਘ,ਐਸ.ਡੀ.ਓ ਇੰਜ. ਗੁਰਜੰਟ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਬਬਲਜੀਤ ਕੌਰ ,ਬੀ.ਡੀ.ਪੀ.ਓ ਅਮਰਗੜ੍ਹ ਸ੍ਰੀਮਤੀ ਰੁਪਿੰਦਰਜੀਤ ਕੌਰ,ਅਤੇ ਬੀ.ਡੀ.ਪੀ.ਓ ਅਹਿਮਦਗੜ੍ਹ ਸ੍ਰੀ ਜਸਮਿੰਦਰ ਸਿੰਘ,ਸ੍ਰੀ ਰੱਜਤ ਸਿੰਗਲਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।