ਡਿਪਟੀ ਕਮਿਸ਼ਨਰ ਵੱਲੋਂ ਪਾਣੀ ਦੇ ਵੱਧਦੇ ਪੱਧਰ ਦੀ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ

  • ਸਰਹੱਦੀ ਪਿੰਡਾਂ ਦੇ ਲੋਕ ਰਹਿਣ ਸੁਚੇਤ, ਜ਼ਿਲ੍ਹਾ ਪ੍ਰਸਾਸਨ ਲੋਕਾਂ ਦੇ ਨਾਲ-ਡਿਪਟੀ ਕਮਿਸ਼ਨਰ

ਫਾਜ਼ਿਲਕਾ 16 ਅਗਸਤ : ਪਿਛਲੇ ਹਿਸਿਆਂ ਵਿਚ ਬਾਰਿਸ਼ਾਂ ਹੋਣ ਕਾਰਨ ਪਾਣੀ ਦਾ ਪੱਧਰ ਫਿਰ ਵਧਿਆ ਹੈ ਤੇ ਪੋਂਗ ਡੈਮ ਤੇ ਭਾਖੜਾ ਡੈਮ ਤੋਂ ਵੀ ਕਾਫੀ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਵਿਚ ਵੀ ਦੇਖਣ ਨੁੰ ਮਿਲੇਗਾ। ਪਾਣੀ ਦੇ ਵੱਧਦੇ ਪੱਧਰ ਤੋਂ ਪੈਦਾ ਹੋਣ ਵਾਲੀ ਸਥਿਤੀ ਨੂੰ ਨਜਿਠਣ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਅਗਾਉਂ ਤਿਆਰੀਆਂ ਰੱਖਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਪਰ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਤਰ੍ਹਾਂ ਨਾਲ ਅਗਾਉ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਕਰਕੇ ਜੇਕਰ ਕਿਸੇ ਨੂੰ ਵੀ ਪਿੰਡ ਵਿਖੇ ਰਹਿਣ ਵਿਚ ਦਿੱਕਤ ਆ ਰਹੀ ਹੈ ਜਾਂ ਆਉਣ ਵਾਲੇ ਦਿਨਾਂ ਵਿਚ ਪਾਣੀ ਦੇ ਪੱਧਰ ਵਧਣ ਕਾਰਨ ਆ ਸਕਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿਚ ਬਣਾਏ ਗਏ ਰਾਹਤ ਕੈਂਪਾਂ ਵਿਖੇ ਪਹੁੰਚ ਕਰ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਸ਼ੇਸ਼ ਤੌਰ *ਤੇ ਗਰਭਵਤੀ ਔਰਤਾਂ, ਬਚਿਆਂ, ਬਜੁਰਗਾਂ ਨੂੰ ਰਾਹਤ ਕੈਂਪਾਂ ਵਿਖੇ ਤਬਦੀਲ ਕਰਨ ਲਈ ਉਪਰਾਲੇ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਦੋਨਾ ਨਾਨਕਾ, ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਕਾਵਾਂ ਵਾਲੀ ਪੁਲ ਆਦਿ ਸਰਹੱਦੀ ਪਿੰਡਾਂ *ਤੇ ਵਿਸ਼ੇਸ਼ ਨਜਰਸਾਨੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਕਿੱਟਾ, ਪੀਣ ਵਾਲੇ ਪਾਣੀ, ਫੂਡ ਪੈਕੇਟ, ਸਿਲੰਡਰ ਦੇ ਨਾਲ-ਨਾਲ ਆਦਿ ਜ਼ਰੂਰੀ ਸੁਵਿਧਾਵਾਂ ਦੀ ਪਹਿਲਾਂ ਤੋਂ ਤਿਆਰੀ ਰੱਖੀ ਜਾਵੇ ਤਾਂ ਜੋ ਲੋੜ ਪੈਣ *ਤੇ ਲੋਕਾਂ ਨੁੰ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨਾਲ-ਨਾਲ ਪਸ਼ੁਆਂ ਦੀ ਸਾਂਭ-ਸੰਭਾਲ ਤੇ ਉਨ੍ਹਾਂ ਦੇ ਖਾਣ ਲਈ ਚਾਰਾ, ਕੈਟਲ ਫੀਡ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਚ ਮੌਜੂਦ ਰਹਿਣ ਤੇ ਲਗਾਤਾਰ ਪਸ਼ੂਆਂ ਦਾ ਚੈਕਅਪ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਿੰਡਾਂ ਵਿਚ ਪਾਣੀ ਦਾਖਲ ਹੋਣ ਤੋਂ ਰੋਕਣ ਲਈ ਮਿੱਟੀ ਦੇ ਗੱਟੇ ਪਹਿਲਾਂ ਤੋਂ ਹੀ ਭਰ ਕੇ ਰੱਖੇ ਜਾਣ। ਪਿੰਡਾਂ ਵਿਚ ਲੋੜ ਅਨੁਸਾਰ ਲੇਬਰ, ਮਸ਼ੀਨਰੀ, ਜੇ.ਸੀ.ਬੀ. ਟਰਾਲੀ, ਲਾਈਫ ਜੈਕਟਾਂ ਤੇ ਕਿਸ਼ਤੀਆਂ ਤਿਆਰ ਬਰ ਤਿਆਰ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਪਿੰਡਾਂ ਦਾ ਸਰਵੇਖਣ ਕਰਦੀਆਂ ਰਹਿਣ ਤਾਂ ਜੋ ਪਿੰਡ ਵਾਸੀਆਂ ਨੂੰ ਸਿਹਤ ਪੱਖੋਂ ਕੋਈ ਪ੍ਰੇਸ਼ਾਣੀ ਨਾ ਹੋਵੇ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਿਸੇਸ਼ ਗਤੀਵਿਧੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਡੇਂਗੂ/ਮਲੇਰੀਆ ਬਿਮਾਰੀਆਂ ਨੂੰ ਰੋਕਣ ਦੇ ਮੱਦੇਨਜਰ ਪਿੰਡਾਂ ਵਿਚ ਲਗਾਤਾਰ ਫੋਗਿੰਗ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਜ਼ੇਕਰ ਹੜ੍ਹਾਂ ਸਬੰਧੀ ਕਿਸੇ ਵੀ ਕਿਸਮ ਦੀ ਮਦਦ ਲੋੜੀਂਦੀ ਹੋਵੇ ਤਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01638—262153 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਪੰਚਾਲ, ਐੱਸ.ਡੀ.ਐੱਮ. ਸ੍ਰੀ. ਨਿਕਾਸ ਖੀਂਚੜ , ਸਹਾਇਕ ਕਮਿਸ਼ਨਰ ਸਾਰੰਗਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਅਲੋਕ ਚੌਧਰੀ, ਪਸ਼ੂ ਪਾਲਣ ਵਿਭਾਗ ਤੋਂ ਡਾ. ਰਾਜੀਵ ਛਾਬੜਾ, ਜ਼ਿਲ੍ਹਾ ਸਿਖਿਆ ਅਫਸਰ ਦੌਲਤ ਰਾਮ, ਤਹਿਸੀਲਦਾਰ ਗੁਰਸੇਵਕ ਚੰਦ, ਨਾਇਬ ਤਹਿਸੀਲਦਾਰ ਅੰਜੂ ਬਾਲਾ, ਵਿਜੈ ਬਹਿਲ,ਡੀ.ਐਸ.ਪੀ. ਸੁਬੇਗ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।