ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਸਹਿਕਾਰੀ ਸਭਾਵਾਂ ਨੂੰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦੀ ਮਦਦ ਕਰਨ ਦੀ ਹਦਾਇਤ

ਫਾਜਿ਼ਲਕਾ, 14 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੀਆਂ ਸਹਿਕਾਰੀ ਸਭਾਵਾਂ ਅਤੇ ਇਕ ਸਮੂਹ ਵਜੋਂ ਸਬਸਿਡੀ ਤੇ ਖੇਤੀ ਸੰਦ ਲੈਣ ਵਾਲੇ ਸੈਂਟਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਪਰਾਲੀ ਪ੍ਰਬੰਧਨ ਲਈ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ ਖੇਤੀ ਸੰਦ ਮੁਹਈਆ ਕਰਵਾਏ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਰਕਾਰ ਵੱਲੋਂ 80 ਫੀਸਦੀ ਤੱਕ ਸਬਸਿਡੀ ਤੇ ਸੰਦ ਮੁਹਈਆ ਕਰਵਾਏ ਗਏ ਹਨ। ਇਸ ਲਈ ਇਹ ਕਿਸਾਨਾਂ ਨੂੰ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਇਹ ਸੰਦ ਪਰਾਲੀ ਪ੍ਰਬੰਧਨ ਲਈ ਮੁਹਈਆ ਕਰਵਾਉਣ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਤੋਂ ਬਿਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਨ੍ਹਾਂ ਕਿਸਾਨਾਂ ਦੀਆਂ ਸੂਚੀਆਂ ਵੀ ਪਿੰਡਾਂ ਵਿਚ ਸਾਂਝੀਆਂ ਥਾਂਵਾਂ ਤੇ ਲਗਾਵੇ ਜਿੰਨ੍ਹਾਂ ਨੇ ਸਬਸਿਡੀ ਤੇ ਖੇਤੀ ਸੰਦ ਲਏ ਹਨ ਤਾਂ ਜ਼ੋ ਇੰਨ੍ਹਾਂ ਕਿਸਾਨਾਂ ਤੋਂ ਹੋਰ ਕਿਸਾਨ ਵੀ ਸੰਦ ਕਿਰਾਏ ਤੇ ਲੈ ਕੇ ਪਰਾਲੀ ਦੀ ਸੰਭਾਲ ਕਰ ਸਕਨ। ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਦੀ ਤਕਨੀਕ ਅਪਨਾਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜ਼ੇਕਰ ਪਰਾਲੀ ਨੂੰ ਖੇਤ ਵਿਚ ਮਿਲਾਏਗਾ ਤਾਂ ਇਸ ਨਾਲ ਜਮੀਨ ਦੀ ਸਿਹਤ ਵਿਚ ਸੁਧਾਰ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਕਿਸਾਨ ਦੀ ਭੋਂਏ ਦੀ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਜਮੀਨ ਬੰਜਰ ਹੋਣ ਲੱਗਦੀ ਹੈ।ਪਰ ਜ਼ੇਕਰ ਜਮੀਨ ਵਿਚ ਪਰਾਲੀ ਮਿਲਾ ਦਿੱਤੀ ਜਾਵੇ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਦੂਜ਼ੇ ਪਾਸੇ ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਿ਼ਲ੍ਹੇ ਵਿਚ ਦੋ ਥਾਂਵਾਂ ਤੇ ਪਰਾਲੀ ਸੜਨ ਦੀ ਰਿਪੋਰਟ ਰਿਮੋਟ ਸੈਸਿੰਗ ਸੈਂਟਰ ਤੋਂ ਮਿਲੀ ਹੈ ਅਤੇ ਤੁਰੰਤ ਮੌਕੇ ਤੇ ਪੜਤਾਲ ਲਈ ਟੀਮਾਂ ਭੇਜ਼ ਦਿੱਤੀਆਂ ਗਈਆਂ ਹਨ ਜ਼ੋ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰਣਗੀਆਂ। ਇਸਤੋਂ ਬਿਨ੍ਹਾਂ ਇਹ ਟੀਮਾਂ ਇਹ ਵੀ ਪਤਾ ਲਗਾਉਣਗੀਆਂ ਕਿ ਪਰਾਲੀ ਸਾੜਨ ਵਾਲਿਆਂ ਦਾ ਅਸਲਾ ਲਾਇਸੈਂਸ ਬਣਿਆ ਹੈ ਜਾਂ ਨਹੀਂ ਕਿਉਂਕਿ ਜ਼ੇਕਰ ਅਸਲਾ ਲਾਇਸੈਂਸ ਬਣਿਆ ਹੋਇਆ ਤਾਂ ਪਰਾਲੀ ਸਾੜਨ ਵਾਲੇ ਦਾ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਵੇਗਾ।