ਡਿਪਟੀ ਕਮਿਸ਼ਨਰ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲਾਂ ਅਤੇ ਵ੍ਹੀਲਚੇਅਰ ਦੀ ਕੀਤੀ ਵੰਡ

ਫਰੀਦਕੋਟ 31 ਅਕਤੂਬਰ : ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਜਿਲਾ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਸ੍ਰੀ ਵਿਨੀਤ ਕੁਮਾਰ ਵੱਲੋਂ ਚੱਲਣ ਫਿਰਨ ਤੋਂ ਅਸਮਰੱਥ 24 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਸਥਾਨਕ ਰੈਡ ਕਰਾਸ ਸਪੈਸ਼ਲ ਸਕੂਲ ਵਿਖੇ ਟਰਾਈਸਾਈਕਲਾਂ ਅਤੇ ਵ੍ਹੀਲਚੇਅਰ ਦੀ ਵੰਡ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਬਣਦਾ ਹੈ।ਉਨ੍ਹਾਂ ਕਿਹਾ ਕਿ ਮਾਨਵ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਦੀਨ-ਦੁਖੀਆਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਸਵੈ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ ਅਤੇ ਰੈਡ ਕਰਾਸ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ ਨੂੰ ਦਾਨ ਦੇਣ ਵਿੱਚ ਆਪਣਾ ਯੋਗਦਾਨ ਪਾਉਣ। ਸੈਕਟਰੀ ਰੈੱਡ ਕਰਾਸ ਸ. ਮਨਦੀਪ ਸਿੰਘ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਦਿਵਿਆਂਗ ਵਿਅਕਤੀ ਜੋ ਚੱਲਣ-ਫਿਰਨ ਤੋਂ ਅਸਮਰੱਥ ਹੈ ਭਾਰਤ ਸਰਕਾਰ ਦੀ ਸਕੀਮ ਅਧੀਨ ਲੋੜੀਂਦੇ ਦਸਤਾਵੇਜ਼ ਮੁਕੰਮਲ ਕਰਕੇ ਜਿਲਾ ਰੈੱਡ ਕਰਾਸ ਸ਼ਾਖਾ ਨੂੰ ਦੇ ਸਕਦਾ ਹੈ।