ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਪਹੁੰਚ ਕੇ ਬਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ

ਫਾਜ਼ਿਲਕਾ, 8 ਨਵੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਪਹੁੰਚ ਕੇ ਬਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਹ ਮੌਕੇ ਉਨ੍ਹਾਂ ਬੱਚਿਆਂ ਨਾਲ ਮਿਲ ਕੇ ਕੇਕ ਵੀ ਕੱਟਿਆ ਤੇ ਬਚਿਆਂ ਨੂੰ ਉਪਹਾਰ ਭੇਂਟ ਕੀਤੇ। ਉਨ੍ਹਾਂ ਬਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗਰੀਨ ਦਿਵਾਲੀ ਮਨਾਉਣ ਲਈ ਕਿਹਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਆਸ਼ਰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ, ਇਸ ਆਸ਼ਰਮ ਵਿਚ ਕੁੱਲ 21 ਬੱਚੇ ਹਨ ਜਿੰਨ੍ਹਾਂ ਦੇ ਮਾਪੇ ਨਹੀਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬਚਿਆਂ ਨਾਲ ਤਿਉਹਾਰ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਪਰਿਵਾਰ ਵਾਂਗ ਇਕ ਛੱਤ ਇਕਠੇ ਹੋ ਕੇ ਬਚਿਆਂ ਨਾਲ ਸਮਾਂ ਬਤੀਤ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਬਚਿਆਂ ਨੂੰ ਮਾਪਿਆਂ ਦੀ ਕਮੀ ਨਾ ਮਹਿਸੂਸ ਕਰਵਾਉਂਦੇ ਹੋਏ ਹਰ ਪੱਖੋਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਰਹਿਣ—ਸਹਿਣ, ਖਾਣਾ—ਪੀਣਾ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ।ਇਸ ਦੌਰਾਨ ਹੋਣਹਾਰ ਬਚਿਆਂ ਵੱਲੋਂ ਗੀਤ ਗਾਇਆ ਗਿਆ। ਇਸ ਮੌਕੇ ਬਚਿਆਂ ਨੇ ਹਰਮੰਦਰ ਸਾਹਿਬ ਵਿਖੇ ਜਾਣ ਦੀ ਇਛਾ ਪ੍ਰਗਟ ਕੀਤੀ ਜਿਸ *ਤੇ ਡਿਪਟੀ ਕਮਿਸ਼ਨਰ ਨੇ ਨਾਲ ਦੀ ਨਾਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬਚਿਆਂ ਦੀ ਇੱਛਾ ਪੂਰੀ ਕਰਨ ਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ , ਜ਼ਿਲ੍ਹਾ ਬਾਲ ਸਰੱਖਿਆ ਅਫਸਰ ਰੀਤੂ ਬਾਲਾ,ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਕੌਸਲ ਬਾਲ ਸੁਰਖਿਆ ਅਫਸਰ ਆਦਿ ਅਧਿਕਾਰੀ ਹਾਜਰ ਸਨ।