ਡਿਪਟੀ ਕਮਿਸ਼ਨ ਨੇ ਬਾਲ ਭਲਾਈ ਕਮੇਟੀ ਦੀ ਰੀਵਿਊ ਅਤੇ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਦੇ ਕੇਸਾਂ ਸਬੰਧੀ ਕੀਤੀ ਮੀਟਿੰਗ

ਫਰੀਦਕੋਟ 22 ਅਗਸਤ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ਫਰੀਦਕੋਟ ਦੀ ਰੀਵਿਊ ਮੀਟਿੰਗ ਅਤੇ ਮਿਸ਼ਨ ਵਤਸਾਲਿਆ 2022 ਦੀਆਂ ਗਾਈਡ ਲਾਈਨਜ ਅਨੁਸਾਰ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਸਬੰਧੀ ਮੀਟਿੰਗ ਹੋਈ।  ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਮਨਦੀਪ ਸਿੰਘ ਸੋਢੀ ਵੱਲੋਂ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਅਤੇ ਨਵੇਂ ਆਏ 15 ਕੇਸਾਂ ਬਾਰੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਣਗੌਲੇ, ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ, ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਕਿਸੇ ਬਿਮਾਰੀ ਕਾਰਨ ਪਾਲਣ- ਪੋਸ਼ਣ/ਪੜਾਉਣ ਵਿੱਚ ਅਸਮਰਥ ਹੋਣ, ਜਿਨ੍ਹਾਂ ਬੱਚਿਆਂ ਦੇ ਮਾਂ -ਬਾਪ ਜੇਲ ਵਿੱਚ ਹੋਣ, ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਸਰੀਰਕ ਅਤੇ ਆਰਥਿਕ ਤੌਰ ਤੇ ਪਰਵਰਿਸ਼ ਕਰਨ ਤੋਂ ਅਸਮਰੱਥ ਹੋਣ ਅਤੇ ਮਿਸ਼ਨ ਵਤਸਾਲਿਆ 2022 ਦੀਆਂ ਗਾਈਡ ਲਾਈਨਜ ਅਨੁਸਾਰ ਉਨ੍ਹਾਂ ਦੀ ਆਮਦਨ ਸ਼ਹਿਰੀ ਖੇਤਰ ਲਈ 96000 ਰੁਪਏ ਸਲਾਨਾ ਅਤੇ ਪੇਂਡੂ ਖੇਤਰ ਲਈ 72000 ਰੁਪਏ ਸਲਾਨਾ ਤੋਂ ਵੱਧ ਨਾ ਹੋਵੇ। ਅਜਿਹੇ ਪਰਿਵਾਰਾ ਦੇ ਬੱਚਿਆਂ ਨੂੰ  4000/- ਰੁ: ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਲ ਭਲਾਈ ਕਮੇਟੀ, ਵੱਲੋਂ 0 ਤੋ 18 ਸਾਲ ਤੱਕ ਦੇ ਲਵਾਰਿਸ, ਗੁੰਮਸ਼ੁਦਾ, ਅਡਾਪਸ਼ਨ ਕੇਸਾਂ ਸਬੰਧੀ, ਬਾਲ ਭਿਖਿਆ, ਬਾਲ ਮਜਦੂਰੀ ਅਤੇ ਬਾਲ ਸੋਸ਼ਣ ਦਾ ਸ਼ਿਕਾਰ ਆਦਿ ਬੱਚਿਆ ਦੀ ਸੁਰੱਖਿਆ ਸਬੰਧੀ ਆਏ ਕੇਸਾ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਉਕਤ ਕੇਸਾਂ ਵਿੱਚ ਰੈਸਕਿਊ ਕੀਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਸਮੇ ਸਮੇ ਤੇ ਇਹਨਾਂ ਦਾ ਫੌਲੋਅਪ ਵੀ ਕੀਤਾ ਜਾਦਾ ਹੈ।  ਇਸ ਉਪਰੰਤ ਡਿਪਟੀ ਕਮਿਸ਼ਨ ਸ੍ਰੀ ਵਿਨੀਤ ਕੁਮਾਰ ਨੇ ਪਹਿਲਾਂ ਤੋਂ ਚੱਲੇ ਆ ਰਹੇ 51 ਕੇਸਾਂ ਨੂੰ ਜਾਰੀ ਰੱਖਣ ਲਈ ਕਿਹਾ ਅਤੇ ਨਵੇਂ ਆਏ ਕੇਸਾਂ ਨੂੰ ਵੀ ਅਪਰੂਵ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਵੱਲੋਂ ਕੀਤੇ ਕੰਮਾਂ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਸਪੌਸਰਸ਼ਿਪ ਸਬੰਧੀ ਕੀਤੇ ਜਾਦੇ ਕੰਮਾਂ ਤੇ ਸੰਤੁਸ਼ਟੀ ਜਾਹਿਰ ਕਰਦਿਆ ਭਵਿੱਖ ਵਿੱਚ ਵੀ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਸਵਾਰਿਆ ਜਾ ਸਕੇ ।