ਉਦਾਸੀ ਦੇ ਮਰੀਜਾਂ ਨੂੰ ਹੁਣ ਉਦਾਸ ਨਹੀਂ ਹੋਣ ਦਿੱਤਾ ਜਾਵੇਗਾ- ਡਿਪਟੀ ਕਮਿਸ਼ਨਰ

ਫ਼ਰੀਦਕੋਟ 10 ਅਕਤੂਬਰ : ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਫਰੀਦਕੋਟ ਜ਼ਿਲ੍ਹੇ ਵਿੱਚ ਉਦਾਸੀ (ਡਿਪਰੈਸ਼ਨ) ਦੇ ਮਰੀਜਾਂ ਦੀ ਕਾਊਂਸਲਿੰਗ ਲਈ ਇੱਕ ਵੱਖਰਾ ਉਪਰਾਲਾ ਸਿਵਲ ਹਸਪਤਾਲ ਫਰੀਦਕੋਟ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕਾਊਂਸਲਰਜ਼ ਖੁਸ਼ਪ੍ਰੀਤ ਕੌਰ, ਬਲਵਿੰਦਰ ਕੁਮਾਰ, ਗੁਰਲੀਨ ਕੌਰ, ਹਰਿੰਦਰ ਸਿੰਘ, ਜਰਨੈਲ ਸਿੰਘ ਦੀ ਡਿਊਟੀ ਸੋਮਵਾਰ ਤੋਂ ਸ਼ੁੱਕਰਵਾਰ ਲਗਾਈ ਗਈ ਹੈ। ਇਸ ਅਧੀਨ ਇੱਕ ਕਾਊਂਸਲਰ ਸ਼ਾਮ ਨੂੰ 3-4 ਵਜੇ (ਸੋਮਵਾਰ ਤੋ ਸ਼ੁਕਰਵਾਰ) ਨੂੰ ਸਿਵਲ ਹਸਪਤਾਲ ਫਰੀਦਕੋਟ ਦੀ ਲਾਇਬ੍ਰੇਰੀ ਵਿਖੇ ਮਰੀਜਾਂ ਦੀ ਕਾਊਂਸਲਿੰਗ ਕਰੇਗਾ। ਇਸ ਦੌਰਾਨ ਮਰੀਜਾਂ ਦੇ ਨਾਲ ਗੱਲਬਾਤ ਅਤੇ ਕਾਊਂਸਲਿੰਗ ਕਰਨ ਤੋ ਬਾਅਦ ਜੇ ਲੋੜ ਹੋਵੇਗੀ ਤਾਂ ਦਵਾਈਆਂ ਨਾਲ ਇਲਾਜ਼ ਲਈ ਮੈਡੀਕਲ ਕਾਲਜ ਜਾਂ ਸਰਕਾਰੀ ਹਸਪਤਾਲ ਦੇ ਮਨੋਰੋਗ ਮਾਹਿਰ ਨੂੰ ਰੈਫਰ ਕੀਤਾ ਜਾਵੇਗਾ।