ਡੇਂਗੂ ਨੂੰ ਜਿਲ੍ਹੇ ਵਿੱਚ ਨਹੀਂ ਚੁੱਕਣ ਦਿੱਤਾ ਜਾਵੇਗਾ ਸਿਰ : ਡਿਪਟੀ ਕਮਿਸ਼ਨਰ

  • ਜਿਲ੍ਹੇ ਵਿੱਚ ਡੇਂਗੂ ਦੇ 14 ਐਕਟਿਵ ਕੇਸ, ਹੁਣ ਤੱਕ ਕੋਈ ਮੌਤ ਨਹੀਂ
  • ਡੇਂਗੂ ਤੋਂ ਬਚਾਅ ਲਈ ਕੀਤੀ ਜਾ ਰਹੀ ਹੈ ਫੋਗਿੰਗ

ਫਰੀਦਕੋਟ 12 ਅਕਤੂਬਰ : ਡੇਂਗੂ ਨੂੰ ਜਿਲ੍ਹੇ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਡੇਂਗੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਿਲ੍ਹੇ ਵਿੱਚ ਡੇਂਗੂ ਦੀ ਤਾਜ਼ਾ ਸਥਿਤੀ ਅਤੇ ਡੇਂਗੂ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ 01 ਜਨਵਰੀ 2023 ਤੋਂ ਲੈ ਕੇ ਹੁਣ ਤੱਕ ਕੁੱਲ 247 ਡੇਂਗੂ ਦੇ ਕੇਸ ਆਏ ਸਨ। ਜਿਨ੍ਹਾਂ ਵਿਚੋਂ 232 ਮਰੀਜ਼ਾਂ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵੇਲੇ ਡੇਂਗੂ ਦੇ ਕੁੱਲ 14 ਕੇਸ ਹਨ, ਅਤੇ ਜਿਥੇ ਕਿਤੇ ਵੀ ਡੇਂਗੂ ਦੇ ਮਰੀਜ਼ ਦਾ ਪਤਾ ਲੱਗਦਾ ਹੈ ਉੱਥੇ ਸਰਵੀਲੈਂਸ ਟੀਮਾਂ ਭੇਜ ਕੇ ਸਪਰੇਅ ਕਰਨ ਤੋਂ ਇਲਾਵਾ ਆਸ ਪਾਸ ਦੇ 50 ਘਰਾਂ ਵਿੱਚ ਬੁਖਾਰ ਅਤੇ ਮਲੇਰੀਆਂ ਦੇ ਮਰੀਜ਼ ਦੀ ਵੀ ਘੋਖ ਕੀਤੀ ਜਾਂਦੀ ਹੈ ਤਾਂ ਜੋ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਫੌਗਿੰਗ/ਸਪਰੇਅ ਦਾ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜਗਾਵਾਂ ਤੇ ਡੇਂਗੂ ਸਬੰਧੀ ਕੇਸ ਜਿਆਦਾ ਆਉਣ ਦੀ ਸੰਭਾਵਨਾ ਹੈ,ਉਨ੍ਹਾਂ ਇਲਾਕਿਆਂ ਦੀ ਪਹਿਚਾਣ ਕਰਕੇ ਵੱਧ ਤੋਂ ਵੱਧ ਫੌਗਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਡੇਂਗੂ ਦੀ ਰੋਕਥਾਮ ਲਈ ਹਰ ਹਫਤੇ ਸ਼ੁੱਕਰਵਾਰ ਦੇ ਦਿਨ ਨੂੰ ਡਰਾਈ ਡੇ ਵਜੋਂ ਮਨਾਉਣ ਅਤੇ ਇਸ ਦਿਨ ਆਪਣੇ ਘਰਾਂ/ਦਫ਼ਤਰਾਂ ਵਿਚ ਕੂਲਰ, ਏ.ਸੀ., ਫਰਿਜਾਂ ਦੀਆਂ ਟਰੇਆਂ ਆਦਿ ਦੀ ਸਾਫ ਸਫਾਈ ਕਰਨ ਤਾਂ ਜੋ ਡੇਂਗੂ ਕਿਤੇ ਵੀ ਆਪਣਾ ਘਰ ਨਾ ਬਣਾ ਪਾਵੇ ,ਜੋ ਕਿ ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣਦਾ ਹੈ। ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁੱਖੀ ਦਾ ਪੰਜਾਬ ਮਿਊਂਸੀਪਲ ਐਕਟ ਤਹਿਤ ਚਾਲਾਨ ਕੀਤਾ ਜਾ ਸਕਦਾ ਹੈ। ਉਨ੍ਹਾ ਦੱਸਿਆ ਕਿ ਡੇਂਗੂ ਰੋਗ ਏਡੀਜ਼ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ,ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ  ਆਦਿ ਲੱਛਣ ਪ੍ਰਗਟ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਆਪਣੇ ਸਰੀਰ ਵਿੱਚ ਦਿਸਦੇ ਹਨ, ਤਾਂ ਉਹ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਟੈਸਟ ਕਰਵਾਉਣ।