ਦਿੱਲੀ ਪੁਲਿਸ ਵੱਲੋਂ ਬਠਿੰਡਾ ਵਿੱਚ ਕਰੋੜਾਂ ਦੀ ਨਸ਼ਾ ਤਸਕਰੀ ਦੇ ਮਾਮਲੇ 'ਚ ਸਮਗਲਰ ਗ੍ਰਿਫਤਾਰ 

ਬਠਿੰਡਾ, 24 ਅਕਤੂਬਰ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਠਿੰਡਾ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਉੱਤਰੀ ਭਾਰਤ ਅਤੇ ਉੱਤਰ ਪੂਰਬੀ ਰਾਜਾਂ ਵਿੱਚ  ਡਰੱਗ ਰੈਕੇਟ ਨੂੰ ਚਲਾ ਰਿਹਾ ਸੀ। ਪੁਲਿਸ ਲੰਬੇ ਸਮੇਂ ਤੋਂ ਮੁਲਜ਼ਮ ਕੰਵਲਦੀਪ ਸਿੰਘ ਦੀ ਭਾਲ ਕਰ ਰਹੀ ਸੀ। ਸਪੈਸ਼ਲ ਸੈੱਲ  ਨੂੰ ਇਸ ਤਸਕਰ ਦੀ ਬਠਿੰਡਾ 'ਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇੱਕ ਵਿਸ਼ੇਸ਼ ਆਪਰੇਸ਼ਨ ਦੌਰਾਨ ਮੁਲਜ਼ਮ ਨਸ਼ਾ ਤਸਕਰ ਕੰਵਲਦੀਪ ਸਿੰਘ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮ ਕੰਵਲਦੀਪ ਸਿੰਘ ਦੀ ਦੋ ਮਾਮਲਿਆਂ ਵਿੱਚ ਭਾਲ ਕਰ ਰਹੀ ਸੀ ਜਿਨ੍ਹਾਂ ਵਿੱਚੋਂ ਇੱਕ ਮਾਮਲਾ 113 ਕਿਲੋ ਅਫੀਮ ਦੀ ਸਪਲਾਈ ਨਾਲ ਜੁੜਿਆ ਹੋਇਆ ਹੈ। ਇਸ ਵਿਚੋਂ 8 ਕਿਲੋ ਪੰਜਾਬ ਵਿਚ ਵਿਕਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਦੂਸਰਾ ਮਾਮਲਾ ਕਰੀਬ 18 ਕਿਲੋ ਹੈਰੋਇਨ ਦਾ ਹੈ ਜਿਸ ਦੀ ਅੰਦਾਜ਼ਨ ਕੀਮਤ 90 ਕਰੋੜ ਰੁਪਏ ਬਣਦੀ ਹੈ।ਸਪੈਸ਼ਲ ਸੈੱਲ ਅਨੁਸਾਰ ਮੁਲਜ਼ਮ ਦਾ ਮਾਮਲਾ ਅਤੇ ਉਸ ਨਾਲ ਸਬੰਧਤ ਡਰੱਗਜ਼ ਰੈਕੇਟ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਮੁਲਜ਼ਮ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਕਬੂਲ ਕੀਤਾ ਹੈ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਨਸ਼ਾ ਤਸਕਰੀ ਦੇ ਧੰਦੇ ਨੂੰ ਅੰਜਾਮ ਦੇ ਰਿਹਾ ਸੀ।  ਹੁਣ ਤੱਕ ਪਿਛਲੇ ਅੱਠ ਸਾਲਾਂ 'ਚ ਉਹ ਕਰੀਬ 5 ਕੁਇੰਟਲ ਅਫ਼ੀਮ ਵੇਚ ਚੁੱਕਾ ਹੈ  ਜੋ ਕਿ ਮਨੀਪੁਰ ਤੋਂ ਲਿਆਂਦੀ ਗਈ ਸੀ ਅਤੇ ਉਸ ਵਿੱਚੋਂ ਜ਼ਿਆਦਾਤਰ  ਪੰਜਾਬ ਵਿੱਚ ਸਪਲਾਈ ਕੀਤੀ ਜਾਂਦੀ ਸੀ।ਫਿਲਹਾਲ ਮੁਲਜ਼ਮ ਦਾ ਪੁਲਸ ਰਿਮਾਂਡ ਲੈਣ ਉਪਰੰਤ ਉਸ ਦੇ ਮਨੀਪੁਰ ਤੋਂ ਲੈ ਕੇ ਮਿਆਂਮਾਰ ਤੱਕ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਸਪੈਸ਼ਲ ਸੈੱਲ ਅਨੁਸਾਰ ਮੁਲਜ਼ਮ ਕੰਵਲਦੀਪ ਸਿੰਘ ਦੇ ਕਈ ਰਾਜਾਂ ਦੇ ਡਰੱਗ ਮਾਫੀਆ ਨਾਲ ਸਬੰਧ ਹੋਣ ਦਾ ਵੀ ਸ਼ੱਕ ਹੈ ਇਸ ਲਈ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।