ਖੇਤੀ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਫੈਸਲਾ ਧਰਤੀ ਹੇਠਲੇ ਪਾਣੀ ਦੀ ਬੱਚਤ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ: ਪਰਨੀਤ ਸ਼ੇਰਗਿੱਲ

  • ਕਿਸਾਨਾਂ ਦੀ ਮੰਗ ਤੇ ਜ਼ਿਲ੍ਹੇ ਅੰਦਰ 29.23 ਕਿਲੋਮੀਟਰ ਅੰਡਰ ਗਰਾਊਂਡ ਪਾਇਪ ਲਾਇਨ ਪਾਈ ਗਈ
  • ਪਿਛਲੇ ਲਗਭਗ 30 ਸਾਲਾਂ ਤੋਂ ਬੰਦ ਪਏ 260 ਨਹਿਰੀ ਖਾਲ ਕੀਤੇ ਗਏ ਚਾਲੂ
  • ਜ਼ਿਲ੍ਹੇ ਵਿੱਚ 75 ਕਿਲੋਮੀਟਰ ਲੰਮੇ ਨਹਿਰੀ ਸਿਸਟਮ ਨੂੰ ਕੱਚੇ ਤੋਂ ਕੰਕਰੀਟ ਨਾਲ ਕੀਤਾ ਗਿਆ ਪੱਕਾ
  • ਜ਼ਿਲ੍ਹੇ ਦੀ ਤਕਰੀਬਨ 6000 ਏਕੜ ਰਕਬੇ ਨੂੰ ਪਿਛਲੇ 40 ਸਾਲਾਂ ਬਾਅਦ ਪਹਿਲੀ ਵਾਰ ਮਿਲਿਆ ਨਹਿਰੀ ਪਾਣੀ

ਫ਼ਤਹਿਗੜ੍ਹ ਸਾਹਿਬ, 19 ਅਗਸਤ 2024 : ਕੁਦਰਤ ਨੇ ਇਨਸਾਨ ਨੂੰ ਧਰਤੀ ਤੇ ਰਹਿਣ ਲਈ ਕਈ ਅਨਮੋਲ ਸੌਗਾਤਾਂ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਪਾਣੀ ਇੱਕ ਅਜਿਹੀ ਅਨਮੋਲ ਕੁਦਰਤੀ ਦੇਣ ਹੈ ਜਿਸ ਤੋਂ ਬਿਨਾਂ ਧਰਤੀ ਤੇ ਇਨਸਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਥੇ ਮਨੁੱਖ ਨੂੰ ਕੁਦਰਤ ਦੇ ਅਨਮੋਲ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਸੀ ਉਥੇ ਕੁਦਰਤੀ ਸਰੋਤਾਂ ਦੀ ਕੀਤੀ ਗਈ ਅੰਨ੍ਹੇਵਾਹ ਵਰਤੋਂ ਕਾਰਨ ਅੱਜ ਸਾਡਾ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਹੇਠਾਂ ਵੱਲ ਜਾ ਰਿਹਾ ਹੈ। ਜੇਕਰ ਇਸ ਨੂੰ ਠੱਲ ਪਾਉਣ ਲਈ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਜੋ ਸਕੀਮ ਸ਼ੁਰੂ ਕੀਤੀ ਹੈ ਉਹ ਇੱਕ ਅਜਿਹਾ ਕ੍ਰਾਂਤੀਕਾਰੀ ਫੈਸਲਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇਗੀ ਉਥੇ ਹੀ ਮੋਟਰਾਂ ਤੇ ਟਿਊਬਵੈਲਾਂ ਨਾਲ ਹੋਣ ਵਾਲੇ ਖਰਚੇ ਵੀ ਘੱਟ ਹੋਣਗੇ। ਇਹ ਪ੍ਰਗਟਾਵਾ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਵਿੱਚ ਸੁਧਾਰ ਕਰਨ ਲਈ ਅਤੇ ਫਸਲਾਂ ਦੀ ਸਿੰਚਾਈ ਲਈ ਕਿਸਾਨਾਂ ਦੀ ਟਿਊਬਵੈਲਾਂ ਤੇ ਹੋਣ ਵਾਲੀ ਨਿਰਭਰਤਾ ਨੂੰ ਘਟਾਉਣ ਲਈ ਹਰੇਕ ਕਿਸਾਨ ਦੇ ਖੇਤ ਨੂੰ ਨਹਿਰੀ ਪਾਣੀ ਰਾਹੀਂ ਸਿੰਚਾਈ ਅਧੀਨ ਲੈ ਕੇ ਆਉਣ ਲਈ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿੱਚ  100 ਫੀਸਦੀ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਪ੍ਰੋਜੈਕਟ ਨਾਲ ਜੋੜ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਪ੍ਰੋਜੈਕਟ ਨਾਲ ਜ਼ਿਲ੍ਹੇ ਅੰਦਰ ਪਿਛਲੇ 20-30 ਸਾਲਾਂ ਤੋਂ ਬੰਦ ਪਏ 2.17 ਕਿਲੋਮੀਟਰ ਲੰਮੇ 260 ਨਹਿਰੀ ਖਾਲ ਨੂੰ ਚਾਲੂ ਕਰਵਾਇਆ ਗਿਆ ਜਿਸ ਦੇ ਸਿੱਟੇ ਵਜੋਂ ਇਲਾਕੇ ਦੇ ਕਿਸਾਨਾਂ ਨੂੰ ਲੰਮੇਂ ਸਮੇਂ ਬਾਅਦ ਨਹਿਰੀ ਪਾਣੀ ਮਿਲਿਆ ਹੈ ਅਤੇ ਟਿਊਬਵੈਲਾਂ ਹੀਂ ਹੋਣ ਵਾਲੀ ਬਿਜਲੀ ਦੀ ਖਪਤ ਅਤੇ ਧਰਤੀ ਹੇਠਲੇ ਪਾਣੀ ਤੇ ਕਿਸਾਨਾਂ ਦੀ ਨਿਰਭਰਤਾ ਵੀ ਘਟੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਦੀ ਮੰਗ ਤੇ ਖੁਲ੍ਹੇ ਖਾਲਾਂ ਤੋਂ ਇਲਾਵਾ 29.23 ਕਿਲੋਮੀਟਰ ਅੰਡਰ ਗਰਾਊਂਡ ਪਾਇਪ ਲਾਇਨ ਪਾਈ ਗਈ ਹੈ ਜਿਸ ਨਾਲ ਭੂਮੀਗਤ ਪਾਣੀ ਦੀ ਵਰਤੋਂ ਘਟੀ ਹੈ ਅਤੇ ਨਹਿਰੀ ਪਾਣੀ ਦੀ ਵਰਤੋਂ ਹੇਠ ਸਿੰਚਾਈ ਰਕਬੇ ਵਿੱਚ ਵਾਧਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 75 ਕਿਲੋਮੀਟਰ ਨਹਿਰੀ ਸਿਸਟਮ ਨੂੰ ਕੱਚੇ ਤੋਂ ਕੰਕਰੀਟ ਨਾਲ ਪੱਕਾ ਕੀਤਾ ਗਿਆ ਜਿਸ ਨਾਲ ਟੇਲਾਂ ਤੇ ਪੈਂਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਸਪਲਾਈ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜ਼ਨ ਬਸੀ ਪਠਾਣਾ ਵਿੱਚ ਪੈਂਦੇ ਪਿੰਡ ਨਾਨੋਵਾਲ ਵਿਖੇ ਨਾਨੋਵਾਲ ਵਾਪਰ ਸਪਲਾਈ ਸਕੀਮ ਲਈ 5.50 ਕਿਊਸਿਕ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ। ਜਿਸ ਨਾਲ ਬਸੀ ਪਠਾਣਾ ਬਲਾਕ ਦੇ 92 ਪਿੰਡਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਬਚਾਉਣ ਲਈ 14 ਨੰਬਰ ਨਹਿਰੀ ਪਾਣੀ ਰੀਚਾਰਜ ਸਕੀਮ ਨੂੰ ਮੁੜ ਸੁਰਜੀਤ ਕੀਤਾ ਗਿਆ। ਇਨ੍ਹਾਂ ਰੀਚਾਰਜ ਸਕੀਮਾਂ ਵਿੱਚ ਇੰਜੈਕਸ਼ਨ ਵੈਲ੍ਹਾਂ ਰਾਹੀਂ ਨਹਿਰੀ ਪਾਣੀ ਨੁੰ ਗਰਾਊਂਡ ਵਾਟਰ ਰੀਚਾਰਜ ਕਰਨ ਲਈ ਵਰਤਿਆ ਜਾ ਰਿਹਾ ਹੈ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੇ ਕੱਚੇ ਨਹਿਰੀ ਸਿਸਟਮ ਜਿਵੇਂ ਕਿ ਰਜਬਾਹਾ 01 ਐਲ ਸਿਸਟਮ ਦੀ ਵਿਭਾਗੀ ਮਸ਼ੀਨਰੀ ਨਾਲ ਪਾਣੀ ਲੈਣ ਦੀ ਸਮਰੱਥਾ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਜਿਸ ਕਾਰਨ ਇਸ ਨਹਿਰੀ ਸਿਸਟਮ ਦੀ ਪਾਣੀ ਲੈਣ ਦੀ ਸਮਰੱਥਾ ਵੱਧ ਗਈ ਹੈ। ਜਿਸ ਦੇ ਸਿੱਟੇ ਵਜੋਂ ਇਸ ਨਹਿਰੀ ਸਿਸਟਮ ਅਧੀਨ ਤਕਰੀਬਨ 6,000 ਏਕੜ ਰਕਬੇ ਨੂੰ ਪਿਛਲੇ 40 ਸਾਲਾਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਮਿਲਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ, ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਸਰਕਾਰ ਵੱਲੋਂ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਸਕੀਮ ਨਾਲ ਜੁੜਨਾ ਚਾਹੀਦਾ ਹੈ।